ਯੂਟੀ ਦੇ ਕਾਲਜਾਂ ’ਚ ਹਰਿਆਣਾ ਤੋਂ ਮੁੜ ਪੈਨਲ ਮੰਗਿਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਜੁਲਾਈ
ਯੂਟੀ ਦੇ ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਵੱਡੀ ਗਿਣਤੀ ਅਸਾਮੀਆਂ ਖਾਲੀ ਪਈਆਂ ਹਨ। ਇਸ ਲਈ ਯੂਟੀ ਨੇ ਪੰਜਾਬ ਤੇ ਹਰਿਆਣਾ ਤੋਂ ਅਸਿਸਟੈਂਟ ਪ੍ਰੋਫੈਸਰਾਂ ਦਾ ਪੈਨਲ ਮੰਗਿਆ ਸੀ ਪਰ ਇਨ੍ਹਾਂ ਰਾਜਾਂ ਨੇ ਮੰਗੀਆਂ ਅਸਾਮੀਆਂ ਦੇ ਮੁਕਾਬਲੇ ਬਹੁਤ ਘੱਟ ਅਧਿਆਪਕਾਂ ਦਾ ਪੈਨਲ ਭੇਜਿਆ ਹੈ। ਇਸ ਕਾਰਨ ਹੁਣ ਯੂਟੀ ਨੇ ਹਰਿਆਣਾ ਨੂੰ ਪੱਤਰ ਲਿਖ ਕੇ 22 ਐਸੋਸੀਏਟ ਤੇ ਅਸਿਸਟੈਂਟ ਪ੍ਰੋਫੈਸਰਾਂ ਦਾ ਪੈਨਲ ਮੰਗਿਆ ਹੈ। ਇਸ ਤੋਂ ਬਾਅਦ ਹਰਿਆਣਾ ਨੇ ਵੀ ਸਾਰੇ ਸੂਬਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ 4 ਜੁਲਾਈ ਨੂੰ ਪੱਤਰ ਲਿਖ ਕੇ ਪ੍ਰੋਫੈਸਰਾਂ ਦਾ ਪੈਨਲ ਭੇਜਣ ਲਈ ਕਿਹਾ ਹੈ ਜਿਸ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ।
ਜਾਣਕਾਰੀ ਅਨੁਸਾਰ ਇਸ ਵੇਲੇ ਯੂਟੀ ਦੇ ਕਾਲਜਾਂ ਵਿੱਚ ਅਧਿਆਪਕਾਂ ਦੀ ਘਾਟ ਹੈ ਤੇ ਨਵਾਂ ਸੈਸ਼ਨ 15 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਹੈ। ਯੂਟੀ ਨੇ ਪੰਜਾਬ ਤੇ ਹਰਿਆਣਾ ਤੋਂ ਅਸਿਸਟੈਂਟ ਪ੍ਰੋਫੈਸਰਾਂ ਲਈ ਪੈਨਲ ਮੰਗਿਆ ਸੀ। ਇਸ ਲਈ ਪੰਜਾਬ ਤੇ ਹਰਿਆਣਾ ਨੇ ਉਤਸ਼ਾਹ ਨਹੀਂ ਦਿਖਾਇਆ। ਇੱਕ ਅਧਿਕਾਰੀ ਨੇ ਦੱਸਿਆ ਕਿ ਯੂਟੀ ਵਿੱਚ 70 ਅਸਿਸਟੈਂਟ ਪ੍ਰੋਫੈਸਰਾਂ ਲਈ ਪੈਨਲ ਮੰਗਿਆ ਗਿਆ ਸੀ। ਇਸ ਲਈ ਹਰਿਆਣਾ ਦੇ 10 ਅਸਿਸਟੈਂਟ ਪ੍ਰੋਫੈਸਰ ਦੇ ਨਾਂ ਤੈਅ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਲਗਪਗ ਸਾਰਿਆਂ ਨੇ ਚੰਡੀਗੜ੍ਹ ਵਿਚ ਜੁਆਇਨ ਕਰ ਲਿਆ ਹੈ। ਇਸ ਤੋਂ ਇਲਾਵਾ ਹਰਿਆਣਾ ਤੋਂ ਮੁੜ ਪੈਨਲ ਮੰਗਿਆ ਗਿਆ ਹੈ ਜਿਸ ਵਿਚ ਪ੍ਰੋਫੈਸਰਾਂ ਨੂੰ 7 ਜੁਲਾਈ ਤਕ ਅਪਲਾਈ ਕਰਨ ਲਈ ਕਿਹਾ ਗਿਆ ਹੈ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਲਜਾਂ ਵਿੱਚ ਮਿਆਰੀ ਸਹੂਲਤਾਂ ਨਾਲ ਅਧਿਆਪਕਾਂ ਦੀ ਘਾਟ ਦੂਰ ਕੀਤੀ ਜਾਵੇਗੀ ਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਕਈ ਨਵੇਂ ਅਧਿਆਪਕ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਕੇਂਦਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਲੈਪਸ ਹੋ ਚੁੱਕੀਆਂ ਅਸਾਮੀਆਂ ਬਹਾਲ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪ੍ਰੋਫੈਸਰ ਅਗਸਤ ਦੇ ਸ਼ੁਰੂ ਵਿਚ ਕਾਲਜਾਂ ਵਿਚ ਤਾਇਨਾਤ ਕਰ ਦਿੱਤੇ ਜਾਣਗੇ।
ਬਾਕਸ::ਪੰਜਾਬੀ ਦੇ ਚਾਰ ਅਧਿਆਪਕ ਮੰਗੇ
ਯੂਟੀ ਦੇ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਸਰਕਾਰੀ ਕਾਲਜਾਂ ਵਿਚ ਪੰਜਾਬ ਦੇ ਪੂਰੇ ਅਧਿਆਪਕ ਨਹੀਂ ਹਨ ਜਿਸ ਕਰ ਕੇ ਹਰਿਆਣਾ ਤੋਂ ਚਾਰ ਅਸਿਸਟੈਂਟ ਪ੍ਰੋਫੈਸਰਾਂ ਦਾ ਪੈਨਲ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਪੋਲੀਟੀਕਲ ਸਾਇੰਸ ਦੇ ਤਿੰਨ, ਸੋਸ਼ਿਆਲੋਜੀ, ਬਾਟਨੀ ਤੇ ਹਿੰਦੀ ਦੇ ਦੋ ਦੋ, ਗਣਿਤ, ਫਿਜ਼ਿਕਸ, ਪਬਲਿਕ ਐਡਮਨਿਸਟਰੇਸ਼ਨ, ਜੂਆਲੋਜੀ, ਹੋਮ ਸਾਇੰਸ, ਰਸਾਇਣ ਵਿਗਿਆਨ, ਕਾਮਰਸ, ਅੰਗਰੇਜ਼ੀ, ਜਿਓਗਰਾਫੀ ਦੇ ਇਕ ਇਕ ਅਸਿਸਟੈਂਟ ਪ੍ਰੋਫੈਸਰਾਂ ਦੇ ਨਾਂ ਮੰਗੇ ਗਏ ਹਨ। ਇਸ ਲਈ 56 ਸਾਲ ਤੋਂ ਘੱਟ ਉਮਰ ਦੇ ਪ੍ਰੋਫੈਸਰਾਂ ਨੂੰ ਅਪਲਾਈ ਕਰਨ ਲਈ ਕਿਹਾ ਗਿਆ ਹੈ।