ਅਮਲਾਲਾ, ਜੜੌਤ, ਹਮਾਯੂੰਪੁਰ, ਸਮਗੌਲੀ ਅਤੇ ਤ੍ਰਿਵੈਦੀ ਕੈਂਪ ’ਚ ਬਣਨਗੇ ਪੰਚਾਇਤ ਘਰ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਹਲਕੇ ਦੇ ਪੰਜ ਪਿੰਡਾ ਅਮਲਾਲਾ, ਜੜੌਤ, ਹਮਾਯੂੰਪੁਰ, ਸਮਗੌਲੀ ਅਤੇ ਤ੍ਰਿਵੈਦੀ ਕੈਂਪ ਵਿਖੇ 1.25 ਕਰੋੜ ਦੀ ਲਾਗਤ ਨਾਲ ਪੰਚਾਇਤ ਘਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਪੰਚਾਇਤਾਂ ਨੂੰ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇੰਨ੍ਹਾਂ ਪਿੰਡ ਵਾਸੀਆਂ ਦੀ ਪੰਚਾਇਤ ਘਰ ਬਣਾਉਣ ਲਈ ਲੰਮੇ ਸਮੇਂ ਤੋਂ ਚਲਦੀ ਆ ਰਹੀ ਮੰਗ ਪੂਰੀ ਕਰਦਿਆਂ ਪੰਚਾਇਤੀ ਰਾਜ ਵਿਭਾਗ ਵੱਲੋਂ ਪੰਜਾਂ ਪਿੰਡਾਂ ਵਿੱਚੋਂ ਹਰੇਕ ਪਿੰਡ ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ ਤਿਆਰ ਕੀਤਾ ਜਾਵੇਗਾ। ਇਹ ਪੰਚਾਇਤ ਘਰ ਜਿੱਥੇ ਪੰਚਾਇਤ ਦੀਆਂ ਗਤੀਵਿਧੀਆ ਚਲਾਉਣ ਦੇ ਕੰਮ ਆਵੇਗਾ ,ਉੱਥੇ ਲੋਕਾਂ ਦੇ ਘਰੇਲੂ ਸਮਾਗਮਾਂ ਲਈ ਵੀ ਵਰਤਿਆ ਜਾ ਸਕੇਗਾ। ਸ੍ਰੀ ਰੰਧਾਵਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਪੰਚਾਇਤ ਵੱਲੋਂ ਪਿੰਡਾਂ ਦੇ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਚਾਇਤ ਘਰਾਂ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।