ਮੰਡੀ ਵਿੱਚ ਨਹੀਂ ਲਹੇਗਾ 20 ਫ਼ੀਸਦ ਨਮੀ ਵਾਲਾ ਝੋਨਾ
ਆੜ੍ਹਤੀ ਐਸੋਸੀਏਸ਼ਨ ਨੇ ਲਿਆ ਫ਼ੈਸਲਾ; ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਦਿੱਤੀ ਜਾਣਕਾਰੀ
ਮੋਰਿੰਡਾ ਦੀ ਦਾਣਾ ਮੰਡੀ ਵਿੱਚ ਹੁਣ 20 ਫ਼ੀਸਦ ਤੋਂ ਵੱਧ ਨਮੀ ਵਾਲਾ ਝੋਨਾ ਨਹੀਂ ਲਹਿ ਸਕੇਗਾ। ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਵੱਲੋਂ ਪ੍ਰਧਾਨ ਜੁਝਾਰ ਸਿੰਘ ਮਾਵੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ। ਮਾਵੀ ਨੇ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਕਿਸਾਨ ਵੱਡੀ ਮਾਤਰਾ ਵਿੱਚ ਗਿੱਲਾ ਝੋਨਾ ਲਿਆ ਰਹੇ ਹਨ, ਜਿਸ ਕਾਰਨ ਸਰਕਾਰੀ ਮਿਆਰ ਤੋਂ ਵੱਧ ਨਮੀ ਦਰਜ ਹੋ ਰਹੀ ਹੈ। ਇਸ ਤਰ੍ਹਾਂ ਨਾ ਸਿਰਫ਼ ਝੋਨੇ ਦੀ ਖ਼ਰੀਦ ਤੇ ਸਟੋਰੇਜ ਲਈ ਮੁਸ਼ਕਲ ਪੈਦਾ ਕਰ ਰਹੀ ਹੈ, ਸਗੋਂ ਮੰਡੀ ਦੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਲੇਬਰ ਦੀ ਵੀ ਵੱਡੀ ਘਾਟ ਹੈ। ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕੇਵਲ ਸੁੱਕਾ ਝੋਨਾ ਹੀ ਬੋਰੀਆਂ ਵਿੱਚ ਭਰਿਆ ਜਾ ਸਕਦਾ ਹੈ, ਜਦਕਿ ਗਿੱਲਾ ਝੋਨਾ ਸੰਭਾਲਣ ਜਾਂ ਸੁਕਾਉਣ ਲਈ ਲੇਬਰ ਤਿਆਰ ਨਹੀਂ ਹੈ।
ਮੀਟਿੰਗ ਦੌਰਾਨ ਸਾਰੇ ਆੜ੍ਹਤੀਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਮੰਡੀ ਵਿੱਚ ਹੁਣ ਗਿੱਲੇ ਝੋਨੇ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਉਸ ਨੂੰ ਸੁਕਾਉਣ ਨਾਲ ਹੋਣ ਵਾਲਾ ਵਾਧੂ ਖਰਚਾ ਆੜ੍ਹਤੀਆਂ ਵੱਲੋਂ ਝੱਲਿਆ ਨਹੀਂ ਜਾ ਸਕਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚੱਜਾ ਬਣਾਇਆ ਜਾਵੇ, ਮੰਡੀ ਵਿੱਚ ਲੇਬਰ ਦੀ ਉਪਲੱਬਧਤਾ ਵਧਾਈ ਜਾਵੇ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮਗਰੋਂ ਆੜ੍ਹਤੀਆਂ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਐੱਨ ਪੀ ਰਾਣਾ ਨਾਲ ਮੁਲਾਕਾਤ ਕਰਕੇ ਆਪਣੇ ਫ਼ੈਸਲੇ ਬਾਰੇ ਜਾਣੂ ਕਰਵਾਇਆ। ਰਾਣਾ ਨੇ ਦੱਸਿਆ ਕਿ ਹਾਲ ਹੀ ਵਿੱਚ 26 ਫ਼ੀਸਦ ਨਮੀ ਵਾਲਾ ਝੋਨਾ ਮੰਡੀ ਵਿੱਚ ਆਇਆ ਸੀ, ਜਿਸ ਨੂੰ ਸੁਕਾਉਣ ਲਈ ਕਈ ਦਿਨ ਲੱਗੇ। ਇਸ ਮੌਕੇ ਸਰਬਜਿੰਦਰ ਸਿੰਘ ਮਾਨ, ਗੁਰਮੀਤ ਸਿੰਘ ਸਿੱਧੂ, ਬਲਦੇਵ ਸਿੰਘ ਚੱਕਲ, ਬਲਜਿੰਦਰ ਸਿੰਘ ਢਿੱਲੋ, ਗੁਰਮੇਲ ਸਿੰਘ ਰੰਗੀ, ਬਲਜਿੰਦਰ ਸਿੰਘ ਰੌਣੀ, ਅਭਿਜੀਤ ਸਿੰਘ ਸੋਨੂ ਢੋਲਣ ਮਾਜਰਾ ਆਦਿ ਹਾਜ਼ਰ ਸਨ।