ਮਧਰੇਪਣ ਰੋਗ ਤੋਂ ਪ੍ਰਭਾਵਿਤ ਝੋਨਾ ਵਾਹਿਆ
ਖੇਤੀ ਮਾਹਿਰਾਂ ਵੱਲੋਂ ਝੋਨੇ ਦੀ ਫ਼ਸਲ ਨੂੰ ਲੱਗੀ ਮਧਰੇਪਣ ਦੀ ਬਿਮਾਰੀ ਦੇ ਇਲਾਜ ਸਬੰਧੀ ਹੱਥ ਖੜ੍ਹੇ ਕਰ ਦੇਣ ਉਪਰੰਤ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਇਸ ਦੀ ਬਿਮਾਰੀ ਦੀ ਲਪੇਟ ਵਿੱਚ ਆਈ ਝੋਨੇ ਦੀ ਫ਼ਸਲ ਨੂੰ ਵਾਹਿਆ ਜਾ ਰਿਹਾ ਹੈ। ਨਜ਼ਦੀਕੀ ਪਿੰਡ ਰੁੜਕੀ ਹੀਰਾਂ ਦੇ ਕਿਸਾਨ ਮਨਜੋਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਦੀ ਵਿਗਿਆਨੀਆਂ ਵੱਲੋਂ ਪ੍ਰਵਾਨਿਤ ਅਤੇ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਦਿੱਤੀ ਝੋਨੇ ਦੀ ਕਿਸਮ ਪੀਆਰ-132 ਦੇ ਬੀਜ ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਇਸ ਕਿਸਮ ਦੀ ਫ਼ਸਲ ਨੂੰ ਮਧਰੇਪਣ ਦੀ ਬਿਮਾਰੀ ਦੇ ਲਪੇਟ ਵਿੱਚ ਆਉਣ ਕਾਰਨ ਉਹ ਦੁਖੀ ਮਨ ਨਾਲ ਇਸ ਨੂੰ ਵਾਹ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਹ ਬੀਜ ਖੇਤੀਬਾੜੀ ਯੂਨੀਵਰਸਿਟੀ ਤੋਂ ਹੀ ਖ਼ਰੀਦੇ ਗਏ ਸਨ ਪਰ ਹੁਣ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਕੋਲ ਇਸ ਬੀਜ ਨੂੰ ਲੱਗੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਇਸ ਕਿਸਮ ਦੀ ਨਾਲ ਹੀ ਇਲਾਕੇ ਵਿੱਚ ਲਗਾਈਆਂ ਝੋਨੇ ਦੀਆਂ-128, 130 ਅਤੇ 131 ਕਿਸਮਾਂ ਜੋ ਸਾਰੀਆਂ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਵਾਨਿਤ ਹਨ ਅਤੇ ਯੂਨੀਵਰਸਿਟੀ ਵੱਲੋਂ ਇਨ੍ਹਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਸਿਫ਼ਾਰਸ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਖੇਤ ਨੂੰ ਵਾਹ ਕੇ ਦੁਬਾਰਾ ਝੋਨਾ ਲਗਾਇਆ ਜਾਵੇਗਾ।
ਸ਼ੁਰੂ ਵਿੱਚ ਹੀ ਪਾਇਆ ਜਾ ਸਕਦੈ ਕਾਬੂ: ਮਾਹਿਰ
ਖੇਤੀਬਾੜੀ ਵਿਭਾਗ ਦੇ ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਇਸ ਰੋਗ ਉੱਤੇ ਸ਼ੁਰੂਆਤ ਵਿੱਚ ਹੀ ਕੁੱਝ ਕਾਬੂ ਪਾਇਆ ਜਾ ਸਕਦਾ ਸੀ ਪਰ ਰੋਗ ਵਧਣ ਤੋਂ ਬਾਅਦ ਇਸ ਦਾ ਅਜੇ ਕੋਈ ਹੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕਿਸਾਨ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰ ਕੇ ਆਪਣੀ ਖ਼ਰਾਬ ਹੋਈ ਫ਼ਸਲ ਬਾਰੇ ਦੱਸਣ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਸੂਚੀ ਸਰਕਾਰ ਕੋਲ ਭੇਜੀ ਜਾ ਸਕੇ।