ਜਥੇਬੰਦੀਆਂ ਵੱਲੋਂ ਖਰੜ-ਲਾਂਡਰਾ ਰੋਡ ’ਤੇ ਧਰਨਾ
ਸ਼ਸ਼ੀ ਪਾਲ ਜੈਨ
ਖਰੜ, 11 ਜੁਲਾਈ
ਖਰੜ ਸ਼ਹਿਰ ਦੇ ਅਧੂਰੇ ਪਏ ਵਿਕਾਸ ਦੇ ਕੰਮਾਂ ਲੈ ਕੇ ਖਰੜ ਸ਼ਹਿਰ ਦੇ ਕੁਝ ਪਤਵੰਤੇ ਸੱਜਣਾਂ ਅਤੇ ਜਥੇਬੰਦੀਆਂ ਵੱਲੋਂ ਖਰੜ-ਲਾਂਡਰਾ ਰੋਡ ’ਤੇ ਸ਼ਿਵਾਲਿਕ ਸਿਟੀ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਧਰਨੇ ਨਾਲ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਧਰਨੇ ਵਿੱਚ ਹਰਜੀਤ ਸਿੰਘ ਪੰਨੂ, ਹਰਮਿੰਦਰ ਸਿੰਘ ਮਾਵੀ, ਵਿਕਾਸ ਕਪੂਰ, ਅਮਰੀਕ ਸਿੰਘ ਹੈਪੀ, ਸਵਰਨਜੀਤ ਕੌਰ, ਰਘਵੀਰ ਸਿੰਘ ਬੰਗੜ ਅਤੇ ਲਖਵਿੰਦਰ ਕੌਰ ਗਰਚਾ ਸ਼ਾਮਲ ਸਨ। ਧਰਨਾਕਰੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਸਿਵਾਲਿਕ ਸਿਟੀ ਵਿਚ ਪਾਣੀ ਦੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਨਗਰ ਕੌਂਸਲ ਕੋਲ ਕਰੋੜਾਂ ਰੁਪਏ ਪਏ ਹਨ ਪਰ ਲੋਕਾਂ ਦੇ ਅਧੂਰੇ ਪਏ ਕੰਮ ਪੂਰੇ ਨਹੀਂ ਹੋ ਰਹੇ। ਇਸੇ ਦੌਰਾਨ ਖਰੜ ਕੌਸਲ ਦੇ ਕਾਰਜਸਾਧਕ ਅਫ਼ਸਰ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਕੁਝ ਦਿਨਾਂ ਅੰਦਰ ਹੀ ਵਿਕਾਸ ਦੇ ਕੰਮਾਂ ਦੇ ਟੈਂਡਰ ਖੁੱਲ੍ਹਣ ਵਾਲੇ ਹਨ ਅਤੇ ਇਸ ਉਪਰੰਤ ਸਾਰੇ ਕੰਮ ਕਰਵਾ ਦਿੱਤੇ ਜਾਣਗੇ।