ਆਬਾਦੀ ਨੇੜੇ ਲੱਗੇ ਸਟੋਨ ਕਰੱਸ਼ਰ ਦੀ ਜਾਂਚ ਦੇ ਹੁਕਮ
ਬਲਵਿੰਦਰ ਰੈਤ
ਨੰਗਲ, 20 ਜੂਨ
ਤਹਿਸੀਲ ਨੰਗਲ ਵਿੱਚ ਪੈਂਦੇ ਪਿੰਡ ਮਹਿੰਦਪੁਰ ਅਤੇ ਮਜਾਰੀ ਦੇ ਲੋਕਾਂ ਨੇ ਕੱਲ੍ਹ ਇਕੱਠ ਕਰ ਕੇ ਆਬਾਦੀ ਕੋਲ ਲੱਗੇ ਸਟੋਨ ਕਰੱਸ਼ਰ ਨੂੰ ਗ਼ੈਰ-ਕਾਨੂੰਨੀ ਦੱਸ ਕੇ ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੋਂ ਬੰਦ ਕਰਵਾਉਣ ਦੀ ਮੰਗ ਕੀਤੀ ਸੀ। ਇਸ ਦੀ ਖ਼ਬਰ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਤੋਂ ਬਾਅਦ ਨੰਗਲ ਦੇ ਐੱਸਡੀਐੱਮ ਸਚਿਨ ਪਾਠਕ ਨੇ ਹੁਕਮ ਜਾਰੀ ਕਰਦਿਆਂ ਖਣਨ ਵਿਭਾਗ ਦੇ ਐੱਸਡੀਓ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਕਰ ਕੇ ਦੋ ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਇਹ ਕਰੱਸ਼ਰ ਵਿਵਾਦਾਂ ਵਿੱਚ ਇਸ ਕਰ ਕੇ ਹੈ ਕਿ ਇਹ ਜੰਗਲਾਤ ਵਿਭਾਗ ਦੀ ਦਫ਼ਾ-4 ਵਿੱਚ ਲਗਾਇਆ ਗਿਆ ਹੈ। ਕਾਨੂੰਨ ਮੁਤਾਬਕ ਦਫ਼ਾ-4 ਵਿੱਚ ਕਰੱਸ਼ਰ ਨਹੀਂ ਲੱਗ ਸਕਦਾ। ਦੂਜੇ ਪਾਸੇ, ਇਸ ਕਰੱਸ਼ਰ ਕੋਲ ਇੱਕ ਸਕੂਲ ਵੀ ਦੱਸਿਆ ਗਿਆ ਹੈ। ਕਰੱਸ਼ਰ ਚੱਲਣ ਨਾਲ ਸਕੂਲ ਵਿੱਚ ਪੜ੍ਹਦੇ ਬੱਚੇ ਵੀ ਪ੍ਰੇਸ਼ਾਨ ਹੋ ਰਹੇ ਹਨ। ਪਿੰਡ ਮਹਿੰਦਪੁਰ ਅਤੇ ਮਜਾਰੀ ਦੇ ਵਸਨੀਕਾਂ ਨੇ ਕੱਲ੍ਹ ਇਕੱਠ ਕਰ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਕਰੱਸ਼ਰ ਨੂੰ ਪਿੰਡਾਂ ਤੋਂ ਦੂਰ ਲਿਜਾਇਆ ਜਾਵੇ।
ਨੋਟਿਸ ਜਾਰੀ ਕਰਾਂਗੇ: ਅਧਿਕਾਰੀ
ਰੇਂਜ ਅਫ਼ਸਰ ਨੂਰਪੁਰ ਬੇਦੀ ਨੇ ਸੁਖਬੀਰ ਸਿੰਘ ਮੰਨਿਆ ਹੈ ਕਿ ਇਹ ਕਰੱਸ਼ਰ ਦਫ਼ਾ-4 ਵਿੱਚ ਲੱਗਿਆ ਹੋਇਆ ਹੈ ਤੇ ਉਹ ਜਲਦੀ ਹੀ ਅਦਾਲਤ ਰਾਹੀਂ ਇਸ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਰਹੇ ਹਨ।