ਪੰਜਾਬ ਦੇ ਲੋਕਾਂ ਸਣੇ ਸਮੁੱਚੇ ਕੱਚੇ-ਪੱਕੇ ਮੁਲਾਜ਼ਮਾਂ ਨੂੰ ਧਰਨੇ ਖ਼ਤਮ ਕਰਵਾ ਦੇਣ ਦਾ ਨਾਅਰਾ ਦੇ ਕੇ ਸੂਬੇ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੀ ਕਥਿਤ ਤਾਨਾਸ਼ਾਹੀ ਦਾ ਦੂਸਰਾ ਸਬੂਤ ਫਿਰ ਸਾਹਮਣੇ ਆ ਗਿਆ ਹੈ, ਜਿਸ ਦੇ ਵਿੱਚ ਮੁਲਾਜ਼ਮਾਂ ਦੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਆਗੂ ਤਾਰਾ ਸਿੰਘ ਦਾ ਤਬਾਦਲਾ ਕਰਕੇ ਲੁਧਿਆਣਾ ਭੇਜ ਦਿੱਤਾ ਗਿਆ ਹੈ। ਮੁਲਾਜ਼ਮ ਖੇਮੇ ਵਿੱਚ ਇਸ ਬਦਲੀ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਗਿਆ ਹੈ।ਪੀ ਐੱਸ ਆਈ ਈ ਈ ਸੀ ਸਟਾਫ਼ ਐਸੋਸੀਏਸ਼ਨ ਵੱਲੋਂ ਉਦਯੋਗ ਭਵਨ ਚੰਡੀਗੜ੍ਹ ਵਿੱਚ ਅੱਜ ਦੁਪਹਿਰ ਦੇ ਖਾਣੇ ਸਮੇਂ ਨਿਗਮ ਦੇ ਸਮੂਹ ਮੁਲਾਜ਼ਮਾਂ ਨਾਲ ਗੇਟ ਮੀਟਿੰਗ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਦੀਪਾ ਰਾਮ, ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਅਤੇ ਤਾਲਮੇਲ ਕਮੇਟੀ ਦੇ ਕਨਵੀਨਰ ਹਰੇਕਸ਼ ਰਾਣਾ ਨੇ ਖਦਸ਼ਾ ਪ੍ਰਗਟ ਕੀਤਾ ਕਿ ਸਟਾਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਤਾਰਾ ਸਿੰਘ ਦੀ ਮੈਨੇਜਮੈਂਟ ਵੱਲੋਂ ਬਦਲੀ ਕਰਕੇ ਨਵੇਂ ਸਿਰ ਤੋਂ ਨਿਗਮ ਦਾ 300 ਕਰੋੜ ਰੁਪਿਆ ਆਪਣੇ ਖਾਤੇ ਵਿੱਚ ਟਰਾਂਸਫਰ ਕਰਨ ਦੀ ਤਾਂਘ ਵਿੱਚ ਹੈ ਜਿਸ ਦੀ ਕਿ ਐਸੋਸੀਏਸ਼ਨ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਗੇਟ ਮੀਟਿੰਗਾਂ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਉਪਰੰਤ ਕੋਈ ਠੋਸ ਹੱਲ ਨਾ ਨਿਕਲਣ ਕਰਕੇ ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਭਲਕੇ 17 ਸਤੰਬਰ ਤੋਂ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ‘ਉਦਯੋਗ ਭਵਨ ਚੰਡੀਗੜ੍ਹ’ ਦੇ ਗਰਾਊਡ ਫਲੋਰ ’ਤੇ ਦਫ਼ਤਰੀ ਕੰਮਾਂ ਦਾ ਬਾਈਕਾਟ ਕਰਕੇ ਬਦਲੀ ਦੇ ਹੁਕਮ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਕੀਤਾ ਜਾਵੇਗਾ।