ਝੰਜੇੜੀ ’ਚ ਡੰਪਿੰਗ ਗਰਾਊਂਡ ਬਣਾਉਣ ਦੀ ਯੋਜਨਾ ਦਾ ਵਿਰੋਧ
ਸ਼ਸ਼ੀ ਪਾਲ ਜੈਨ
ਖਰੜ, 12 ਜੁਲਾਈ
ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੋ ਗਮਾਡਾ ਵੱਲੋਂ ਖਰੜ ਹਲਕੇ ਦੇ ਪਿੰਡ ਝੰਜੇੜੀ ਨੇੜੇ ਡੰਪਿੰਗ ਗਰਾਊਂਡ ਬਣਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ ਉਹ ਬਿਲਕੁਲ ਬਿਨਾਂ ਸੋਚੇ-ਸਮਝੇ ਚੁੱਕਿਆ ਇੱਕਤਰਫਾ, ਲੋਕ ਹਿੱਤ ਦੇ ਖ਼ਿਲਾਫ਼ ਅਤੇ ਮੰਦਭਾਗਾ ਕਦਮ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਲ ਪਹਿਲਾਂ ਵੀ ਇਸ ਇਲਾਕੇ ਵਿੱਚ ਅਕਾਲੀ ਸਰਕਾਰ ਇੱਕ ਡੰਪਿੰਗ ਗਰਾਊਂਡ ਬਣਵਾਉਣ ਲੱਗੀ ਸੀ ਜਿਸ ਦਾ ਇਲਾਕਾ ਨਿਵਾਸੀਆਂ ਨੇ ਡਟ ਕੇ ਵਿਰੋਧ ਕੀਤਾ ਅਤੇ ਲੋਕ ਹਿੱਤ ਵਿੱਚ ਇੱਥੇ ਡੰਪਿੰਗ ਗਰਾਊਂਡ ਬਣਨ ਨਹੀਂ ਦਿੱਤਾ ਗਿਆ।
ਕਾਂਗਰਸ ਆਗੂ ਨੇ ਪਿੰਡ ਝੰਜੇੜੀ ਦਾ ਦੌਰਾ ਕੀਤਾ ਜਿੱਥੇ ਕਿ ਸਵਾੜਾ, ਰਸਨਹੇੜੀ, ਗੱਬੇਮਾਜਰਾ ਅਤੇ ਮਜਾਤੜੀ ਦੇ ਕੁੱਝ ਪਤਵੰਤੇ ਆਏ ਹੋਏ ਸਨ ਅਤੇ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਗੁੱਸੇ ਵਿੱਚ ਸਨ ਅਤੇ ਉਹ ਲਾਂਡਰਾਂ-ਚੁੰਨੀ ਰੋਡ ਜਾਮ ਕਰਨਾ ਚਾਹੁੰਦੇ ਸਨ। ਕੰਗ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਜੇਕਰ ਲੋੜ ਪਈ ਤਾਂ ਉਹ ਆਪਣੇ ਇਲਾਕੇ ਅਤੇ ਲੋਕ ਹਿੱਤ ਵਿੱਚ ਸਭ ਤੋਂ ਅੱਗੇ ਹੋ ਕੇ ਇਸ ਬਣਨ ਵਾਲੇ ਡੰਪਿੰਗ ਗਰਾਊਂਡ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ ਅਤੇ ਕਿਸੇ ਵੀ ਕੀਮਤ ’ਤੇ ਇੱਥੇ ਡੰਪਿੰਗ ਗਰਾਊਂਡ ਨਹੀਂ ਬਣਨ ਦੇਵਾਂਗੇ।