ਪਡਿਆਲਾ ਐੱਸਟੀਪੀ ਦੀ ਪਾਣੀ ਨਿਕਾਸ ਯੋਜਨਾ ਦਾ ਵਿਰੋਧ
ਪਡਿਆਲਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਪਾਣੀ ਦੇ ਨਿਕਾਸ ਲਈ ਦੋ ਕਰੋੜ ਦੀ ਲਾਗਤ ਨਾਲ ਪਾਈ ਜਾਣ ਵਾਲੀ ਪਾਈਪਲਾਈਨ ਤੋਂ ਸ਼ਹਿਰ ਦੇ ਚਾਰ ਕੌਂਸਲਰਾਂ ਨੇ ਕੌਂਸਲ ਮੀਟਿੰਗ ਦਾ ਬਾਈਕਾਟ ਕੀਤਾ ਤੇ ਪਾਈਪਲਾਈਨ ਅੰਦਰ ਦੀ ਥਾਂ ਸ਼ਹਿਰ ਦੇ ਬਾਹਰੋਂ ਪਾਉਣ ਦੀ ਮੰਗ ਕੀਤੀ।
ਨਗਰ ਕੌਂਸਲ ਦੀ ਅੱਜ ਹੋਈ ਮੀਟਿੰਗ ਵਿੱਚ ਪਡਿਆਲਾ ਦੇ ਐੱਸਟੀਪੀ ਦਾ ਪਾਣੀ ਸ਼ਹਿਰ ਦੀ ਸਿੰਘਪੁਰਾ ਰੋਡ ਦੀ ਸੰਦੀਪ ਟੈਲੀਕਾਮ ਤੱਕ ਪਾਈਪਲਾਈਨ ਪਾਉਣ ਦੇ ਮਤੇ ਦਾ ਕੌਂਸਲਰ ਬਹਾਦਰ ਸਿੰਘ, ਕਾਂਗਰਸੀ ਕੌਂਸਲਰ ਭੂਸ਼ਨ ਵਰਮਾ ਅਤੇ ‘ਆਪ’ ਦੇ ਹੋਰਨਾਂ ਕੌਂਸਲਰਾਂ ਨੇ ਵਿਰੋਧ ਕਰਦਿਆਂ ਐੱਸਟੀਪੀ ਦੇ ਪਾਣੀ ਕਾਰਨ ਸ਼ਹਿਰ ਦੇ ਕਈ ਵਾਰਡਾਂ ਨੂੰ ਹੋਣ ਵਾਲੇ ਨੁਕਸਾਨ ਦਾ ਮੁੱਦਾ ਚੁੱਕਿਆ। ਸੱਤਾਧਾਰੀ ਧਿਰ ਦੇ ਇਸ ਮਤੇ ’ਤੇ ਡਟੇ ਰਹਿਣ ਕਾਰਨ ‘ਆਪ’ ਦੇ ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਨੰਦੀ ਪਾਲ ਬਾਂਸਲ, ਭਾਵਨਾ ਸ਼ਰਮਾ ਅਤੇ ਕਾਂਗਰਸੀ ਕੌਂਸਲਰ ਭੂਸ਼ਨ ਵਰਮਾ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਬਹਾਦਰ ਸਿੰਘ ਓਕੇ ਤੇ ਹੋਰਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ 8 ਕਰੋੜ ਦੀ ਲਾਗਤ ਨਾਲ ਪਡਿਆਲਾ ਦੇ ਝੰਡਾ ਸਾਹਿਬ ਨੇੜਲੀ ਕਲੋਨੀ ਤੇ ਉਦਯੋਗਿਕ ਫੋਕਲ ਪੁਆਇੰਟ ਦਾ ਪਾਣੀ ਸੀਸਵਾਂ ਨਦੀ ਵਿੱਚ ਪਾਉਣ ਦੀ ਤਜਵੀਜ਼ ਵੀ ਸ਼ਹਿਰ ਦੇ ਪੱਖ ਵਿੱਚ ਨਹੀਂ ਹੈ।
ਬਹਾਦਰ ਸਿੰਘ ਓਕੇ ਤੇ ਹੋਰਨਾਂ ਕੌਂਸਲਰਾਂ ਨੇ ਪਡਿਆਲਾ ਐੱਸਟੀਪੀ ਅਤੇ ਫੋਕਲ ਪੁਆਇੰਟ ਦੇ ਪਾਣੀ ਦੀ ਨਿਕਾਸੀ ਲਈ ਦੁਬਾਰਾ ਸਰਵੇ ਕਰਵਾਉਣ ਤੇ ਪਾਈ ਸ਼ਹਿਰ ਦੇ ਬਾਹਰ ਦੀ ਪਾਈ ਜਾਵੇ।
ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਪਡਿਆਲਾ ਐੱਸਟੀਪੀ ਦਾ ਪਾਣੀ ਕਿਸਾਨਾਂ ਨੇ ਖੇਤੀ ਲਈ ਵਰਤਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਲਈ ਇਹ ਤਜਵੀਜ਼ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਭ ਆਸਰਾ ਤੋਂ ਨਿਹੋਲਕਾ ਰੋਡ ਨਦੀ ਤੱਕ ਵੱਖਰੀ ਪਾਈਪ ਪਾਈ ਜਾਣੀ ਹੈ।