ਖਰੜ ਦੇ 35 ਪਿੰਡ ਜ਼ਿਲ੍ਹਾ ਰੂਪਨਗਰ ਨਾਲ ਜੋੜਨ ਦਾ ਵਿਰੋਧ
ਲੋਕਾਂ ਨੇ ਬੱਸ ਅੱਡੇ ’ਤੇ ਧਰਨਾ ਦਿੱਤਾ; ਅੱਜ ਮੁਡ਼ ਧਰਨਾ ਦੇਣ ਦਾ ਐਲਾਨ
ਖਰੜ ਦੇ ਘੜੂੰਆਂ ਸਰਕਲ ਦੇ 35 ਪਿੰਡ ਮੁਹਾਲੀ ਜ਼ਿਲ੍ਹੇ ਨਾਲੋਂ ਤੋੜ ਕੇ ਰੂਪਨਗਰ ਜ਼ਿਲ੍ਹੇ ਨਾਲ ਜੋੜਨ ਖ਼ਿਲਾਫ਼ ਅੱਜ ਵੱਖ-ਵੱਖ ਸੰਸਥਾਵਾਂ ਨੇ ਖਰੜ ਬੱਸ ਅੱਡੇ ਉੱਤੇ ਧਰਨਾ ਦਿੱਤਾ, ਜਿਸ ਕਾਰਨ ਕਰੀਬ ਘੰਟਾ ਆਵਾਜਾਈ ਠੱਪ ਰਹੀ। ਇਸ ਮਗਰੋਂ ਲੋਕਾਂ ਨੇ ਐੱਸ ਡੀ ਐੱਮ ਨੂੰ ਮੰਗ ਸੌਂਪ ਕੇ ਇਹ ਕਾਰਵਾਈ ਤੁਰੰਤ ਰੋਕਣ ਦੀ ਮੰਗ ਕੀਤੀ।
ਇਸ ਦੌਰਾਨ ਬਾਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਦੀਪਕ ਸ਼ਰਮਾ, ਕਾਂਗਰਸ ਦੇ ਹਲਕਾ ਇੰਚਾਰਜ ਵਿਜੈ ਕੁਮਾਰ ਟਿੰਕੂ, ਕਿਸਾਨ ਆਗੂ ਦਵਿੰਦਰ ਸਿੰਘ ਦੇਹ ਕਲਾਂ, ਜਸਪਾਲ ਸਿੰਘ ਨਿਆਮੀਆ, ਕੁਲਵੰਤ ਸਿੰਘ ਤ੍ਰਿਪੜੀ, ਗਿਆਨ ਸਿੰਘ ਧੜਾਕ, ਕੇਸ਼ਵ ਅਗਰਵਾਲ, ਰਵਿੰਦਰ ਰਾਣਾ, ਖੜਗ ਸਿੰਘ, ਜਸਵੀਰ, ਸਚਿਨ ਚੌਧਰੀ ਅਤੇ ਅਮਨਦੀਪ ਚਾਵਲਾ ਨੇ ਖਰੜ ਦੀ ਐੱਸ ਡੀ ਐੱਮ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਆਖਿਆ ਕਿ ਸਰਕਾਰ ਘੜੂੰਆਂ ਖੇਤਰ ਦੇ 35 ਪਿੰਡਾਂ ਨੂੰ ਜ਼ਿਲ੍ਹਾ ਮੁਹਾਲੀ ਨਾਲੋਂ ਤੋੜ ਕੇ ਰੂਪਨਗਰ ਜ਼ਿਲ੍ਹੇ ਨਾਲ ਜੋੜ ਰਹੀ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ, ਜੇ ਸਰਕਾਰ ਨੇ ਇਸ ਮਾਮਲੇ ਜਲਦਬਾਜ਼ੀ ਕੀਤੀ ਤਾਂ ਉਹ ਸੰਘਰਸ਼ ਕਰਨਗੇ। ਉਹ ਆਪਣੇ ਪਿੰਡਾਂ ਨੂੰ ਕਿਸੇ ਵੀ ਹਾਲਤ ਵਿੱਚ ਰੂਪਨਗਰ ਜ਼ਿਲ੍ਹੇ ਨਾਲ ਨਹੀਂ ਜੁੜਨ ਦੇਣਗੇ। ਭਲਕੇ ਬੁੱਧਵਾਰ ਨੂੰ ਸਵੇਰੇ 10 ਵਜੇ ਐੱਸ ਡੀ ਐੱਮ ਦਫ਼ਤਰ ਖਰੜ ਨੇੜੇ ਧਰਨਾ ਦਿੱਤਾ ਜਾਵੇਗਾ, ਜੇ ਕਿਸੇ ਮੰਤਰੀ ਨੇ ਉਨ੍ਹਾਂ ਕੋਲ ਆ ਕੇ ਠੋਸ ਭਰੋਸਾ ਨਾ ਦਿੱਤਾ ਤਾਂ ਧਰਨਾ ਜਾਰੀ ਰਹੇਗਾ।

