ਦਾਊਂ ਦੀ ਜ਼ਮੀਨ ਖਰੜ ਕੌਂਸਲ ’ਚ ਸ਼ਾਮਲ ਕਰਨ ਦਾ ਵਿਰੋਧ
ਪਿੰਡ ਦਾਊਂ ਦੀ ਕਮਿਊਨਿਟੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਨੇ ਪਿੰਡ ਦਾਊਂ ਦੀ ਸ਼ਾਮਲਾਤ ਜ਼ਮੀਨ ਨਗਰ ਕੌਂਸਲ ਖਰੜ ਵਿੱਚ ਸ਼ਾਮਲ ਕਰ ਕੇ ਪ੍ਰਾਈਵੇਟ ਡਿਵੈਲਪਰ ਨੂੰ ਦੇਣ ਦਾ ਵਿਰੋਧ ਕੀਤਾ ਹੈ। ਸੰਸਥਾ ਦੇ ਆਗੂ ਸਤਨਾਮ ਦਾਊਂ ਤੇ ਹੋਰਨਾਂ ਨੇ ਇਸ ਸਬੰਧੀ ਵਿਧਾਇਕ ਕੁਲਵੰਤ ਸਿੰਘ, ਡੀਸੀ ਅਤੇ ਡੀਡੀਪੀਓ ਮੁਹਾਲੀ ਨੂੰ ਸ਼ਿਕਾਇਤ ਭੇਜ ਕੇ ਨਗਰ ਕੌਂਸਲ ਖਰੜ ਵਿੱਚ ਇਸ ਸਬੰਧੀ ਲਿਆਂਦੇ ਮਤੇ ਨੂੰ ਰੋਕਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਏਡੀਸੀ ਮੁਹਾਲੀ ਵੱਲੋਂ ਦਾਊਂ ਦੀ ਪੰਚਾਇਤੀ ਜ਼ਮੀਨ ਦੇ ਕੁੱਝ ਖਸਰਾ ਨੰਬਰਾਂ ਸਬੰਧੀ ਨਗਰ ਕੌਂਸਲ ਖਰੜ ਨੂੰ ਪੱਤਰ ਲਿਖਿਆ ਗਿਆ ਹੈ, ਕਿ ਇਹ ਨੰਬਰ ਨਗਰ ਕੌਂਸਲ ਖਰੜ ਵਿੱਚ ਸ਼ਾਮਲ ਕਰ ਕੇ ਇਨ੍ਹਾਂ ਨੂੰ ਇੱਕ ਪ੍ਰਾਈਵੇਟ ਬਿਲਡਰ ਨੂੰ ਦੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਦਾਊਂ ਦੀ ਪੰਚਾਇਤ ਕੋਲੋਂ ਵੀ ਮਤਾ ਪਵਾਇਆ ਗਿਆ ਹੈ।
ਸਤਨਾਮ ਦਾਊਂ ਨੇ ਲਿਖਿਆ ਕਿ ਦਾਊਂ ਪਿੰਡ ਦੀ ਜ਼ਮੀਨ ਨਗਰ ਕੌਂਸਲ ਖਰੜ ਰਾਹੀਂ ਬਿਲਡਰ ਨੂੰ ਦੇਣੀ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਦਾਊਂ ਪਿੰਡ ਦੇ ਸੈਂਕੜੇ ਵਸਨੀਕਾਂ ਨੇ 2021 ਵਿਚ ਗ੍ਰਾਮ ਸਭਾ ਰਾਹੀਂ ਮਤਾ ਪਾਸ ਕੀਤਾ ਹੋਇਆ ਕਿ ਦਾਊਂ ਪਿੰਡ ਦੀ ਜ਼ਮੀਨ ਕਿਸੇ ਵੀ ਨਗਰ ਕੌਂਸਲ, ਨਗਰ ਨਿਗਮ ਜਾਂ ਬਿਲਡਰ ਨੂੰ ਨਾ ਦਿੱਤੀ ਜਾਵੇ।ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਜ਼ਮੀਨ ਦਾ ਮਤਾ ਪਾਸ ਹੋਣ ਤੋਂ ਰੋਕਿਆ ਜਾਵੇ ਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਅਦਾਲਤ ਦਾ ਰੁੱਖ ਕਰਨਗੇ।