ਅਪਰੇਸ਼ਨ ਸੀਲ: ਨਗਲਾ ਟੀ-ਪੁਆਇੰਟ ਤੋਂ 550 ਪੇਟੀਆਂ ਸ਼ਰਾਬ ਬਰਾਮਦ
ਸਰਬਜੀਤ ਸਿੰਘ ਭੱਟੀ
ਲਾਲੜੂ, 18 ਮਈ
ਜ਼ਿਲ੍ਹਾ ਮੁਹਾਲੀ ਦੀ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਅੰਤਰ-ਰਾਜੀ ਸਰਹੱਦਾਂ ’ਤੇ ‘ਅਪਰੇਸ਼ਨ ਸੀਲ’ ਤਹਿਤ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਐੱਸਐੱਸਪੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਸਬ-ਡਿਵੀਜ਼ਨ ਡੇਰਾਬੱਸੀ ਦੀ ਟੀਮ ਨੇ ਥਾਣਾ ਹੰਡੇਸਰਾ ਦੇ ਨਗਲਾ ਟੀ-ਪੁਆਇੰਟ ’ਤੇ ਲਾਏ ਅੰਤਰ-ਰਾਜੀ ਨਾਕੇ ’ਤੇ ਇੱਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ। ਟਰੱਕ ਵਿੱਚੋਂ 550 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ, ਜੋ ਸਿਰਫ਼ ਚੰਡੀਗੜ੍ਹ ਵਿੱਚ ਵਿਕਣ ਲਈ ਲੇਬਲ ਕੀਤੀ ਗਈ ਸੀ। ਸ੍ਰੀ ਹਾਂਸ ਨੇ ਦੱਸਿਆ ਕਿ ਪੁਲੀਸ ਨੇ ਦੇਦਾ ਰਾਮ ਪੁੱਤਰ ਕੁੰਭਾ ਰਾਮ ਅਤੇ ਭੂਪਾ ਰਾਮ ਪੁੱਤਰ ਜੁਜਾ ਰਾਮ ਦੋਵੇਂ ਵਾਸੀ ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਅੰਤਰ-ਰਾਜੀ ਨਾਕਿਆਂ ’ਤੇ ਤਾਇਨਾਤ ਸਾਰੀਆਂ ਪੁਲੀਸ ਟੀਮਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਨਸ਼ੀਲੇ ਪਦਾਰਥਾਂ ਅਤੇ ਗ਼ੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਵੱਡੇ ਪੱਧਰ ’ਤੇ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਹੋਈ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਥਾਣਾ ਹੰਡੇਸਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਸ਼ਰਾਬ ਸਪਲਾਈ ਲੜੀ ਦੇ ਹੋਰਨਾਂ ਮੁਲਜ਼ਮਾਂ ਦੀ ਸ਼ਮੂਲੀਅਤ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ।
ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਸੱਤ ਨਾਕੇ ਲਾਏ
ਘਨੌਲੀ (ਜਗਮੋਹਨ ਸਿੰਘ): ਅਪਰੇਸ਼ਨ ਸੀਲ-13 ਅਧੀਨ ਰੂਪਨਗਰ ਪੁਲੀਸ ਵੱਲੋਂ ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਇੰਟਰਸਟੇਟ ਨਾਕੇ ਲਗਾ ਕੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਕਾਰਵਾਈ ਦਾ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਖ਼ੁਦ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਰੂਪਨਗਰ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਸੱਤ ਅੰਤਰ-ਰਾਜੀ ਨਾਕੇ ਲਗਾ ਕੇ ‘ਅਪਰੇਸ਼ਨ ਸੀਲ-13’ ਚਲਾਇਆ ਗਿਆ ਹੈ। ਇਸ ਵਿੱਚ ਦੋ ਐੱਸਪੀ, ਪੰਜ ਡੀਐੱਸਪੀਜ਼, ਸੱਤ ਇੰਸਪੈਕਟਰ ਅਤੇ 105 ਦੇ ਕਰੀਬ ਪੁਲੀਸ ਮੁਲਾਜ਼ਮ ਲਗਾਏ ਗਏ ਸਨ। ਅੱਜ ਐੱਨਡੀਪੀਐੱਸ ਐਕਟ ਤਹਿਤ ਅੱਕੇ ਕੇਸ ਦਰਜ ਕਰ ਕੇ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 73 ਗ੍ਰਾਮ ਨਸ਼ੀਲਾ ਪਾਊਡਰ, 11 ਟੀਕੇ, 40 ਗ੍ਰਾਮ ਹੈਰੋਇਨ, ਚਾਰ ਕਿਲੋ ਭੁੱਕੀ ਤੇ 7000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 37 ਸ਼ੱਕੀਆਂ ਨੂੰ ਹਿਰਾਸਤ ’ਚ ਲੈ ਕੇ ਪੜਤਾਲ ਕੀਤੀ ਗਈ। ਇਸ ਦੌਰਾਨ 58 ਵਾਹਨਾਂ ਦੇ ਚਲਾਨ ਕੀਤੇ ਗਏ ਹਨ।