ਆਨਲਾਈਨ ਗੇਮਿੰਗ ਠੱਗੀ ਗਰੋਹ ਦਾ ਪਰਦਾਫਾਸ਼
ਮੁਹਾਲੀ ਪੁਲੀਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਆਨਲਾਈਨ ਗੇਮਿੰਗ ਰਾਹੀਂ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਅੱਠ ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਸਾਰੇ ਮੁਲਜ਼ਮ ਬਿਹਾਰ, ਰਾਜਸਥਾਨ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਵਸਨੀਕ ਹਨ। ਐੱਸਐੱਸਪੀ ਹਰਮਨਦੀਪ ਹਾਂਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸਾਈਬਰ ਕ੍ਰਾਈਮ ਦੀ ਡੀਐੱਸਪੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਇਸ ਵੱਡੇ ਠੱਗੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਆਨਲਾਈਨ ਗੇਮਿੰਗ ਐਪ ਰਾਹੀਂ ਲੋਕਾਂ ਨੂੰ ਵੱਡਾ ਮੁਨਾਫਾ ਕਮਾਉਣ ਦੇ ਲਾਲਚ ’ਚ ਠੱਗਣ ਵਾਲੇ ਗਰੋਹ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਈਬਰ ਪੁਲੀਸ ਨੂੰ ਖ਼ੁਫੀਆ ਸੂਚਨਾ ਮਿਲਣ ’ਤੇ ਖਰੜ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ (ਕੋਈਆਨ ਸਿਟੀ ਹੋਮਜ਼ ਗਿਲਕੋ ਵੈਲੀ, ਰੋਇਲ ਅਪਾਰਟਮੈਂਟ) ’ਚ ਛਾਪੇ ਮਾਰੇ ਗਏ। ਇਸ ਦੌਰਾਨ 8 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਤਕਨੀਕੀ ਅਤੇ ਵਿੱਤੀ ਸਾਮਾਨ ਬਰਾਮਦ ਹੋਇਆ, ਜਿਨ੍ਹਾਂ ਵਿੱਚ 5 ਲੈਪਟਾਪ, 51 ਮੋਬਾਈਲ, 70 ਸਿਮ ਕਾਰਡ, 127 ਬੈਂਕ ਏਟੀਐੱਮ ਕਾਰਡ ਅਤੇ ਢਾਈ ਲੱਖ ਦੀ ਨਕਦ ਰਕਮ ਸ਼ਾਮਲ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਵੈੱਬਸਾਈਟ ਰਾਹੀਂ ਆਨਲਾਈਨ ਗੇਮ ਖੇਡਣ ਅਤੇ ਵੱਡਾ ਮੁਨਾਫਾ ਜਿੱਤਣ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਸਨ। ਪਹਿਲਾਂ ਲੋਕਾਂ ਨੂੰ ਵਟਸਐੱਪ ਰਾਹੀਂ ਜਾਅਲੀ ਡੈਮੋ ਦਿਖਾ ਕੇ ਆਈਡੀ ਬਣਾਉਣ ਲਈ ਲਾਲਚ ਦਿੱਤਾ ਜਾਂਦਾ ਸੀ। ਫਿਰ ਉਨ੍ਹਾਂ ਨੂੰ ਇੱਕ ਲਿੰਕ ਭੇਜ ਕੇ ਵੈੱਬਸਾਈਟ ’ਤੇ ਲੌਗਇਨ ਕਰਵਾ ਕੇ ਵੱਖ-ਵੱਖ ਖਾਤਿਆਂ ਰਾਹੀਂ ਵੱਡੀਆਂ ਰਕਮਾਂ ਟਰਾਂਸਫਰ ਕਰਵਾਈ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਲੋਕਾਂ ਦੀ ਘੱਟ ਰਾਸ਼ੀ ਲਗਵਾ ਕੇ ਉਨ੍ਹਾਂ ਨੂੰ ਜਿਤਾ ਦਿੰਦੇ ਸੀ ਤੇ ਫਿਰ ਵੱਡੀ ਰਾਸ਼ੀ ਦੀ ਠੱਗੀ ਮਾਰ ਲੈਂਦੇ ਸੀ। ਗਰੋਹ ਵੱਲੋਂ ਲੋਕਾਂ ਨਾਲ ਪੰਜ ਤੋਂ ਦਸ ਲੱਖ ਦੀ ਠੱਗੀ ਵੀ ਸਾਹਮਣੇ ਆਈ ਹੈ।ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਹ ਗਰੋਹ ਖਰੜ ਵਿੱਚ ਦੋ ਅਲੱਗ-ਅਲੱਗ ਠਿਕਾਣਿਆਂ ਤੋਂ ਇਹ ਠੱਗੀ ਚਲਾ ਰਿਹਾ ਸੀ।
ਮਾਸਟਰਮਾਈਂਡ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ
Advertisementਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋਹ ਦਾ ਮਾਸਟਰਮਾਈਂਡ ਰਾਜਸਥਾਨ ਦਾ ਵਿਜੈ ਨਾਂ ਦਾ ਵਿਅਕਤੀ ਹੈ, ਜੋ ਅਜੇ ਫ਼ਰਾਰ ਹੈ ਅਤੇ ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗਰੋਹ ਦੇ ਕਾਬੂ ਕੀਤੇ ਮੈਂਬਰਾਂ ਵਿੱਚ ਪੰਕਜ ਗੋਸਵਾਮੀ, ਜ਼ਿਲ੍ਹਾ ਹਨੂੰਮਾਨਗੜ੍ਹ, (ਰਾਜਸਥਾਨ), ਤੈਵਨ ਕੁਮਾਰ ਉਲੀਕੇ, ਵਾਸੀ ਨਾਗਪੁਰ, (ਮਹਾਰਾਸ਼ਟਰ), ਗੁਰਪ੍ਰੀਤ ਸਿੰਘ, ਵਾਸੀ ਹਨੂੰਮਾਨਗੜ੍ਹ, (ਰਾਜਸਥਾਨ), ਮਨਜੀਤ ਸਿੰਘ, ਵਾਸੀ ਟਿੱਬੀ, (ਰਾਜਸਥਾਨ), ਨਿਖਿਲ ਕੁਮਾਰ, ਵਾਸੀ ਜੈਨਪੁਰ, (ਬਿਹਾਰ), ਅਜੈ ਵਾਸੀ ਟਿੱਬੀ, (ਰਾਜਸਥਾਨ), ਹਰਸ਼ ਕੁਮਾਰ, ਵਾਸੀ ਮੱਧ ਪ੍ਰਦੇਸ਼ ਅਤੇ ਰਿਤੇਸ਼ ਮਾਝੀ, ਵਾਸੀ ਸੁਭਾਸ਼ ਚੌਕ (ਮੱਧ ਪ੍ਰਦੇਸ਼) ਦੇ ਨਾਂ ਸ਼ਾਮਲ ਹਨ।