ਪਟਾਕੇ ਚਲਾਉਂਦੇ ਝੁਲਸੇ ਦੋ ਬੱਚਿਆਂ ਵਿੱਚੋਂ ਇਕ ਦੀ ਮੌਤ
ਇੱਥੋਂ ਦੇ ਪਿੰਡ ਦੜੂਆ ਵਿੱਚ ਬੀਤੇ ਦਿਨ ਪਟਾਕੇ ਚਲਾਉਣ ਕਰਕੇ ਝੁਲਸੇ ਦੋ ਬੱਚਿਆਂ ਵਿੱਚੋਂ ਇਕ ਦੀ ਦੇਰ ਰਾਤ ਪੀ ਜੀ ਆਈ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਾਰੂਤੀ (11) ਵਜੋਂ ਹੋਈ ਹੈ, ਜਦੋਂ ਕਿ ਦੂਜੇ ਨੌਜਵਾਨ ਨਾਜ਼ਿਮ ਦੀ...
ਇੱਥੋਂ ਦੇ ਪਿੰਡ ਦੜੂਆ ਵਿੱਚ ਬੀਤੇ ਦਿਨ ਪਟਾਕੇ ਚਲਾਉਣ ਕਰਕੇ ਝੁਲਸੇ ਦੋ ਬੱਚਿਆਂ ਵਿੱਚੋਂ ਇਕ ਦੀ ਦੇਰ ਰਾਤ ਪੀ ਜੀ ਆਈ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਾਰੂਤੀ (11) ਵਜੋਂ ਹੋਈ ਹੈ, ਜਦੋਂ ਕਿ ਦੂਜੇ ਨੌਜਵਾਨ ਨਾਜ਼ਿਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਦੜੂਆ ਵਿੱਚ ਦੋਵੇ ਨੌਜਵਾਨ ਪੋਟਾਸ਼ ਘਰ ਲਿਆ ਕੇ ਘਰ ਦੀ ਛੱਤ ’ਤੇ ਪਟਾਕੇ ਚਲਾ ਰਹੇ ਸਨ। ਇਸੇ ਦੌਰਾਨ ਤੇਜ਼ ਧਮਾਕਾ ਹੋਇਆ ਅਤੇ ਦੋਵੇਂ ਬੱਚੇ ਅੱਗ ਨਾਲ ਝੁਲਸ ਗਏ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਸੈਕਟਰ-32 ਹਸਪਤਾਲ ਵਿੱਚ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਦੋਵਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ। ਮਾਰੂਤੀ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਵੱਲੋਂ ਇਸ ਸਬੰਧੀ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਦੜੂਆ ਵਾਸੀਆਂ ਨੇ ਕਿਹਾ ਕਿ ਇਲਾਕੇ ਵਿੱਚ ਕਾਫੀ ਬੱਚੇ ਗੰਧਕ-ਪੋਟਾਸ਼ ਨੂੰ ਲੋਹੇ ਦੀ ਬੰਦੂਕ ਵਿੱਚ ਪਾ ਕੇ ਪਟਾਕੇ ਚਲਾਉਂਦੇ ਹਨ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਗੈਰ ਕਾਨੂੰਨੀ ਢੰਗ ਨਾਲ ਗੰਧਕ-ਪੋਟਾਸ਼ ਵੇਚਣ ਵਾਲਿਆਂ ਵਿਰੁੱਧ ਸਖਤੀ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਗੰਧਕ ਪੋਟਾਸ਼ ਕਿਸੇ ਨੂੰ ਵੇਚਣ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀਵਾਲੀ ’ਤੇ ਆਪਣੇ ਘਰ ਪਾਣੀਪਤ ਦੀਵਾਲੀ ਮਨਾ ਕੇ ਚੰਡੀਗੜ੍ਹ ਵਾਪਸ ਆ ਰਹੇ ਪਰਿਵਾਰ ਦੇ ਕਈ ਮੈਂਬਰਾਂ ਦੀ ਕਾਰ ਨੂੰ ਅੱਗ ਲੱਗਣ ਕਰਕੇ ਮੌਤ ਹੋ ਗਈ ਸੀ। ਉਸ ਸਮੇਂ ਵੀ ਕਾਰ ਨੂੰ ਅੱਗ ਲੱਗਣ ਦਾ ਕਾਰਨ ਗੰਧਕ ਪੋਟਾਸ਼ ਹੀ ਮੰਨਿਆ ਗਿਆ ਸੀ।