ਓਲੰਪਿਕ ਦਿਵਸ: ਹਾਕੀ ਚੰਡੀਗੜ੍ਹ ਨੇ ਚੈਂਪੀਅਨਸ਼ਿਪ ਕਰਵਾਈ
ਪੱਤਰ ਪ੍ਰੇਰਕ
ਚੰਡੀਗੜ੍ਹ, 23 ਜੂਨ
ਹਾਕੀ ਚੰਡੀਗੜ੍ਹ ਵੱਲੋਂ ਹਾਕੀ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਕਟਰ 42 ਸਥਿਤ ਹਾਕੀ ਸਟੇਡੀਅਮ ਵਿੱਚ ਓਲੰਪਿਕ ਦਿਵਸ-2025 ਮਨਾਇਆ ਗਿਆ। ਮੀਤ ਪ੍ਰਧਾਨ ਅਨਿਲ ਵੋਹਰਾ ਅਨੁਸਾਰ ਹਾਕੀ ਚੰਡੀਗੜ੍ਹ ਨੇ ਓਲੰਪਿਕ ਦਿਵਸ ਦੀ ਪੂਰਵ ਸੰਧਿਆ ’ਤੇ ਪੁਰਸ਼ ਅਤੇ ਮਹਿਲਾ ਚੰਡੀਗੜ੍ਹ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਕਰਵਾਏ ਗਏ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵੱਖ-ਵੱਖ ਖੇਡਾਂ ਦੇ ਲਗਪਗ 500 ਖਿਡਾਰੀ ਆਪਣੇ ਕੋਚਾਂ ਨਾਲ ਓਲੰਪਿਕ ਦਿਵਸ ਮਨਾਉਣ ਲਈ ਮੌਜੂਦ ਸਨ। ਡਾ. ਮਹਿੰਦਰ ਸਿੰਘ ਜੁਆਇੰਟ ਡਾਇਰੈਕਟਰ ਸਪੋਰਟਸ, ਡਾ. ਪੁਸ਼ਿਵੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜਿੰਦਰ ਗਾਂਧੀ, ਸਰਵੇਸ਼ ਸ਼ਰਮਾ, ਅਜੈ ਸਿੰਘ, ਮੈਡਮ ਐੱਸ.ਕੇ. ਗੋਸਵਾਮੀ, ਡਾ. ਜੀ.ਐਸ. ਗਿੱਲ, ਗੁਰਮਿੰਦਰ ਸਿੰਘ ਅਤੇ ਹੋਰ ਕਾਫ਼ੀ ਹਾਕੀ ਚੰਡੀਗੜ੍ਹ ਦੇ ਸੀਨੀਅਰ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ।
ਔਰਤਾਂ ਦੇ ਪਹਿਲੇ ਮੈਚ ਵਿੱਚ ਸੀ.ਐੱਚ.ਏ.-ਰੈੱਡ ਦੀ ਟੀਮ ਨੇ ਪੀ.ਯੂ. ਹਾਕੀ ਕਲੱਬ ਨੂੰ 7-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਪੁਰਸ਼ਾਂ ਦੇ ਮੈਚ ਵਿੱਚ ਪੀ.ਯੂ. ਹਾਕੀ ਕਲੱਬ ਨੇ ਰੌਕ ਰੋਵਰਜ਼ ਹਾਕੀ ਕਲੱਬ ਦੀ ਟੀਮ ਨੂੰ 6-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਔਰਤਾਂ ਦੇ ਫਾਈਨਲ ਮੈਚ ਵਿੱਚ ਐੱਸਜੀਜੀਐੱਸਐੱਚਸੀ-26 ਦੀ ਟੀਮ ਨੇ ਸੀ.ਐੱਚ.ਏ.-ਬਲਿਯੂ ਦੀ ਟੀਮ ਨੂੰ 5-2 ਦੇ ਫ਼ਰਕ ਨਾਲ ਹਰਾਇਆ। ਪੁਰਸ਼ਾਂ ਦੇ ਫਾਈਨਲ ਮੈਚ ਵਿੱਚ ਸੀ.ਐੱਚ.ਏ.-42 ਦੀ ਟੀਮ ਨੇ ਐੱਸਜੀਜੀਐੱਸਐੱਚਸੀ-26 ਦੀ ਟੀਮ ਨੂੰ 7-6 ਗੋਲਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਹਾਕੀ ਚੰਡੀਗੜ੍ਹ ਦੀ ਜਨਰਲ ਸਕੱਤਰ ਸਿਮਰਦੀਪ ਕੌਰ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਸੌਰਭ ਕੁਮਾਰ ਅਰੋੜਾ, ਪੀਸੀਐੱਸ ਡਾਇਰੈਕਟਰ ਸਪੋਰਟਸ ਯੂ.ਟੀ. ਚੰਡੀਗੜ੍ਹ ਨੇ ਜੇਤੂਆਂ, ਉਪ-ਜੇਤੂਆਂ ਅਤੇ ਤੀਜੀ ਪੁਜੀਸ਼ਨ ਵਾਲੀਆਂ ਟੀਮਾਂ ਨੂੰ ਟਰਾਫ਼ੀਆਂ ਅਤੇ ਮੈਡਲ ਪ੍ਰਦਾਨ ਕੀਤੇ।
ਪੰਜਾਬ ਯੂਨੀਵਰਸਿਟੀ ’ਚ ਓਪਨ ਸਵਿੰਮਿੰਗ ਚੈਂਪੀਅਨਸ਼ਿਪ
ਚੰਡੀਗੜ੍ਹ: ਕੌਮਾਂਤਰੀ ਓਲੰਪਿਕ ਦਿਵਸ ਮੌਕੇ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਅੱਜ ’ਵਰਸਿਟੀ ਦੇ ਸਵਿੰਮਿੰਗ ਪੂਲ ਵਿੱਚ ਓਪਨ ਸਵੀਮਿੰਗ ਚੈਂਪੀਅਨਸ਼ਿਪ ਕਰਵਾਈ ਗਈ। ਵੇਵ ਗਾਰਡ ਸਵਿੰਮਿੰਗ ਕਲੱਬ ਅਤੇ ਖੇਲ੍ਹੋ ਭਾਰਤ ਦੇ ਸਹਿਯੋਗ ਨਾਲ ਕਰਵਾਏ ਮੁਕਾਬਲੇ ’ਚ 250 ਤੋਂ ਵੱਧ ਤੈਰਾਕਾਂ ਨੇ ਵੱਖ-ਵੱਖ ਉਮਰ ਵਰਗਾਂ ਦੇ ਈਵੈਂਟਾਂ ’ਚ ਹਿੱਸਾ ਲਿਆ। ਮੁੱਖ ਮਹਿਮਾਨ ਡਾ. ਰਾਕੇਸ਼ ਮਲਿਕ, ਡਾਇਰੈਕਟਰ, ਸਰੀਰਕ ਸਿੱਖਿਆ ਵਿਭਾਗ ਪੰਜਾਬ ਯੂਨੀਵਰਸਿਟੀ ਨੇ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਵਿੱਚ ਤੈਰਾਕੀ ਤੇ ਹੋਰ ਸਰੀਰਕ ਕਿਰਿਆਵਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਤਗਮਾ ਜੇਤੂਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਵੀ ਵੰਡੇ।