ਸਰਕਾਰੀ ਸਕੂਲਾਂ ’ਚ ਮਿੱਡ-ਡੇਅ ਮੀਲ ਦਾ ਜਾਇਜ਼ਾ ਲੈਣਗੇ ਅਧਿਕਾਰੀ
ਸੁਖਵਿੰਦਰ ਪਾਲ ਸੋਢੀ ਚੰਡੀਗੜ੍ਹ, 15 ਜੁਲਾਈ ਯੂਟੀ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿੱਡ-ਡੇਅ ਮੀਲ ਦਾ ਹੁਣ ਅਧਿਕਾਰੀ ਜਾੲਿਜ਼ਾ ਲੈਣਗੇ। ਇਹ ਅਧਿਕਾਰੀ ਹਰ ਸ਼ੁੱਕਰਵਾਰ ਨੂੰ ਸਰਕਾਰੀ ਸਕੂਲਾਂ ਵਿੱਚ ਜਾਣਗੇ ਅਤੇ ਉੱਥੇ ਮਿੱਡ-ਡੇਅ ਮੀਲ ਖਾ ਕੇ ਖਾਣੇ ਦਾ...
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਜੁਲਾਈ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿੱਡ-ਡੇਅ ਮੀਲ ਦਾ ਹੁਣ ਅਧਿਕਾਰੀ ਜਾੲਿਜ਼ਾ ਲੈਣਗੇ। ਇਹ ਅਧਿਕਾਰੀ ਹਰ ਸ਼ੁੱਕਰਵਾਰ ਨੂੰ ਸਰਕਾਰੀ ਸਕੂਲਾਂ ਵਿੱਚ ਜਾਣਗੇ ਅਤੇ ਉੱਥੇ ਮਿੱਡ-ਡੇਅ ਮੀਲ ਖਾ ਕੇ ਖਾਣੇ ਦਾ ਮਿਆਰ ਜਾਚਣਗੇ। ਇਸ ਸਬੰਧੀ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਪਹਿਲ ਕੀਤੀ ਗਈ ਹੈ ਤੇ ਉਨ੍ਹਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 15 ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੇ ਮਿਆਰ ਨੂੰ ਜਾਚਿਆ।
ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀਆਂ ਵਲੋਂ ਅਗਲੇ ਹਰ ਸ਼ੁੱਕਰਵਾਰ ਨੂੰ ਸਕੂਲਾਂ ਵਿਚ ਜਾ ਕੇ ਖਾਣਾ, ਸਕੂਲ ਦੀ ਇਮਾਰਤ ਤੇ ਹੋਰ ਆਧਾਰੀ ਸਹੂਲਤਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾਣਗੀਆਂ ਤੇ ਉਨ੍ਹਾਂ ਨੂੰ ਹੱਲ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਸ੍ਰੀ ਬਰਾੜ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਜੇ ਕਿਸੇ ਸਕੂਲ ਵਿਚ ਸਭ ਪ੍ਰਬੰਧ ਬਿਹਤਰ ਹਨ ਤਾਂ ਇਸ ਹਿਸਾਬ ਨਾਲ ਉਸ ਸਕੂਲ ਦੀ ਮੋਹਰੀ ਸਕੂਲਾਂ ਵਿਚ ਦਰਜਾਬੰਦੀ ਵੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਅਗਲੇ ਸ਼ੁੱਕਰਵਾਰ ਨੂੰ ਸਾਰੇ ਅਧਿਕਾਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 20 ਦਾ ਦੌਰਾ ਕਰਨਗੇ। ਜ਼ਿਕਰਯੋਗ ਹੈ ਕਿ ਇਸ ਵੇਲੇ ਸ਼ਹਿਰ ਦੇ 115 ਸਰਕਾਰੀ ਸਕੂਲਾਂ ਦੇ ਡੇਢ ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਦਿੱਤਾ ਜਾਂਦਾ ਹੈ। ਰਾਈਟ ਟੂ ਐਜੂਕੇਸ਼ਨ ਐਕਟ ਤਹਿਤ ਇਹ ਸਹੂਲਤ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ।
ਸਕੂਲਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ ਅਧਿਕਾਰੀ
ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਦ ਉਹ ਲੁਧਿਆਣਾ ਵਿਚ ਤਾਇਨਾਤ ਸਨ ਤਾਂ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਐਸ ਕੇ ਸੰਧੂ ਸਾਰੇ ਅਧਿਕਾਰੀਆਂ ਨਾਲ ਮਿਲ ਕੇ ਦੁਪਹਿਰ ਦਾ ਖਾਣਾ ਖਾਂਦੇ ਸਨ ਤੇ ਇਸ ਦੌਰਾਨ ਸਾਰੇ ਅਧਿਕਾਰੀ ਸਮੱਸਿਆਵਾਂ ਹੱਲ ਕਰਨ ਸਬੰਧੀ ਗੱਲਾਂ ਕਰਦੇ ਸਨ ਜਿਸ ਕਾਰਨ ਕੰਮ ਕਰਨ ਦੀ ਸਮਰੱਥਾ ਵਧਦੀ ਸੀ ਤੇ ਬਿਹਤਰ ਨਤੀਜੇ ਵੀ ਮਿਲਦੇ ਸਨ। ਇਸੀ ਤਰ੍ਹਾਂ ਸ੍ਰੀ ਬਰਾੜ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜੇ ਕਿਸੇ ਕਾਰਨ ਸਕੂਲਾਂ ਦਾ ਜਾਇਜ਼ਾ ਨਾ ਲੈ ਸਕਣ ਤਾਂ ਸਾਰੇ ਅਧਿਕਾਰੀ ਉਸ ਦਿਨ ਇਕੱਠੇ ਹੋ ਕੇ ਦੁਪਹਿਰ ਦਾ ਖਾਣਾ ਖਾਣ ਤੇ ਸਮੱਸਿਆਵਾਂ ਹੱਲ ਕਰਨ ਲਈ ਵਿਚਾਰ ਚਰਚਾ ਵੀ ਕਰਨ।