DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਨਾਂ ਅਦਾਇਗੀ ਕੀਤਿਆਂ ਜ਼ਮੀਨ ਦਾ ਕਬਜ਼ਾ ਲੈਣ ਆਏ ਅਧਿਕਾਰੀ ਬੇਰੰਗ ਪਰਤੇ

ਕਿਸਾਨਾਂ ਦੇ ਖਾਤਿਆਂ ਵਿਚ ਨਾ ਆਏ ਪੈਸੇ; ਕਿਸਾਨਾਂ ਵਲੋਂ ਕਬਜ਼ਾ ਦੇਣ ਤੋਂ ਨਾਂਹ
  • fb
  • twitter
  • whatsapp
  • whatsapp
Advertisement
ਪਿੰਡ ਮਨੌਲੀ ਸੂਰਤ ਅਤੇ ਪਰਾਗਪੁਰ ਪਿੰਡਾਂ ਦੀ ਕੌਮੀ ਮਾਰਗ ਲਈ ਐਕੁਆਇਰ ਕੀਤੀ ਜ਼ਮੀਨ ਦਾ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਜ਼ਮੀਨ ਦੇ ਪੈਸੇ ਨਹੀਂ ਮਿਲਦੇ, ਉਦੋਂ ਤੱਕ ਉਹ ਕਿਸੇ ਵੀ ਕੀਮਤ ਉੱਤੇ ਆਪਣੀ ਜ਼ਮੀਨ ਦਾ ਕਬਜ਼ਾ ਨਹੀਂ ਛੱਡਣਗੇ। ਕਿਸਾਨਾਂ ਦੇ ਰੋਸ ਨੂੰ ਭਾਂਪਦਿਆਂ ਕਬਜ਼ਾ ਲੈਣ ਆਏ ਅਧਿਕਾਰੀਆਂ ਨੇ ਭਲਕੇ ਕਿਸਾਨਾਂ ਨੂੰ ਡੀਆਰਓ ਮੁਹਾਲੀ ਦੇ ਦਫ਼ਤਰ ਸੱਦ ਲਿਆ ਹੈ।

ਕਿਸਾਨ ਚਤੰਨ ਸਿੰਘ, ਸੁਖਜੀਤ ਸਿੰਘ, ਨੰਬਰਦਾਰ ਗੁਰਵਿੰਦਰ ਸਿੰਘ, ਸ਼ੇਰ ਸਿੰਘ, ਅਵਤਾਰ ਸਿੰਘ, ਡਾ ਮਨੋਹਰ ਸ਼ਰਮਾ ਨੱਗਲ, ਗਰੀਬ ਸਿੰਘ ਬੁੱਢਣਪੁਰ ਆਦਿ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਸਾਲ 2022 ਵਿੱਚ ਗ੍ਰੀਨ ਐਕਸਪ੍ਰੈਸ ਹਾਈਵੇਅ ਲਈ ਐਨਐਚਏਆਈ ਨੇ ਜ਼ਮੀਨ ਐਕੁਆਇਰ ਕੀਤੀ ਸੀ ਜਿਸ ਦਾ ਜਨਵਰੀ 2023 ਵਿੱਚ ਐਵਾਰਡ ਬਣ ਗਿਆ ਸੀ ਤੇ ਕਿਸਾਨਾਂ ਨੂੰ ਮੁਆਵਜ਼ਾ ਵੀ ਮਿਲ ਗਿਆ ਪਰ ਐਕੁਆਇਰ ਕੀਤੀ ਜ਼ਮੀਨ ਵਿਚੋਂ ਕੁਝ ਨੰਬਰ ਮਿਸ ਹੋ ਗਏ ਸਨ। ਇਹ ਜ਼ਮੀਨਾਂ ਭਾਵੇਂ ਕਿਸਾਨਾਂ ਕੋਲੋਂ ਖੋਹ ਲਈਆਂ ਗਈਆਂ ਸਨ, ਪਰ ਕਿਸਾਨਾਂ ਨੇ ਇਨ੍ਹਾਂ ਜ਼ਮੀਨਾਂ ’ਤੇ ਸੜਕ ਬਣਾ ਰਹੀ ਕੰਪਨੀ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਸੀ।

Advertisement

ਅੱਜ ਬਾਅਦ ਦੁਪਿਹਰ ਡਿਊਟੀ ਮਜਿਸਟ੍ਰੈਟ ਕਮ ਨਾਇਬ ਤਹਿਸੀਲਦਾਰ ਬਨੂੜ ਹਰਜੋਤ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਤੇ ਐਨਐਚਏਆਈ ਦੇ ਅਧਿਕਾਰੀ ਮਸ਼ੀਨਾਂ ਲੈ ਕੇ ਪੂਰੇ ਲਾਮ ਲਸ਼ਕਰ ਨਾਲ ਮਨੌਲੀ ਸੂਰਤ ਪੁੱਜੇ। ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਵੀ ਸਨ। ਕਬਜ਼ਾ ਕਾਰਵਾਈ ਦੀ ਸੂਚਨਾ ਮਿਲਣ ਤੇ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਕਿਸਾਨ ਵੀ ਇਕੱਠ ਹੋ ਗਏ। ਕਿਸਾਨਾਂ ਨੇ ਕਿਸਾਨ ਯੂਨੀਅਨਾਂ ਦੇ ਝੰਡੇ ਵੀ ਚੁੱਕੇ ਹੋਏ ਸਨ। ਡਿਊਟੀ ਮੈਜਿਸਟ੍ਰੇਟ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਆਪੋ-ਆਪਣੀਆਂ ਮੁਸ਼ਕਿਲਾਂ ਦੱਸੀਆਂ।

ਕਿਸਾਨਾਂ ਨੇ ਕਿਹਾ ਕਿ ਜਦੋ ਤਕ ਮੁਆਵਜ਼ਾ ਨਹੀ ਮਿਲਦਾ ਤੇ ਰਸਤੇ, ਇੰਤਕਾਲ ਆਦਿ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੁੰਦਾ, ਉਦੋਂ ਤੱਕ ਉਹ ਆਪਣੀਆਂ ਜ਼ਮੀਨਾਂ ਦੇ ਕਬਜ਼ੇ ਨਹੀਂ ਦੇਣਗੇ। ਕਿਸਾਨਾਂ ਨੇ ਕਿਹਾ ਕਿ ਮਨੌਲੀ ਸੂਰਤ ਤੇ ਪਰਾਗਪੁਰ ਦੇ ਕਰੀਬ ਦੋ-ਦੋ ਦਰਜਨ ਤੋਂ ਵੱਧ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਇਸ ਤਰਾਂ ਪਿੰਡ ਨੱਗਲ ਸਲੇਮਪੁਰ, ਛੜਬੜ, ਬੁੱਢਣਪੁਰ ਤੇ ਬਾਸਮਾਂ ਪਿੰਡ ਦੇ ਕਿਸਾਨਾਂ ਨੂੰ ਵੀ ਹਾਲੇ ਤਕ ਮੁਆਵਜ਼ਾ ਨਹੀਂ ਮਿਲਿਆ।

ਕਿਸਾਨਾਂ ਦੇ ਰੋਸ ਨੂੰ ਵੇਖਦਿਆਂ ਡਿਊਟੀ ਮੈਜਿਸਟ੍ਰੇਟ ਹਰਜੋਤ ਸਿੰਘ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਭਲਕੇ 21 ਜੁਲਾਈ ਨੂੰ ਸਵੇਰੇ ਦਸ ਵਜੇ ਡੀਆਰਓ ਦਫਤਰ ਪੁੱਜਣ ਲਈ ਕਹਿ ਕੇ ਪਰਤ ਗਏ। ਇਸ ਮੌਕੇ ਕਾਨੂੰਗੋ ਹਰਜੀਤ ਸਿੰਘ, ਐਨਐਚਏਆਈ ਦੇ ਅਧਿਕਾਰੀ ਸ੍ਰੀ ਗਰਵਿਤ ਤੋਂ ਇਲਾਵਾ ਕਿਸਾਨ ਜਤਿੰਦਰ ਸਿੰਘ ਬੁੱਢਣਪੁਰ, ਜਸਵਿੰਦਰ ਸਿੰਘ ਛੜਬੜ, ਰਾਮ ਸਿੰਘ ਮਨੌਲੀ ਸੂਰਤ, ਸਾਬਕਾ ਸਰਪੰਚ ਗੱਜਣ ਸਿੰਘ, ਬਲਬੀਰ ਸਿੰਘ, ਬਹਾਦਰ ਸਿੰਘ ਆਦਿ ਹਾਜ਼ਰ ਸਨ।

Advertisement
×