ਵਿਧਾਇਕ ਦੀ ਸਖ਼ਤੀ ਤੋਂ ਬਾਅਦ ਜਾਗੇ ਅਧਿਕਾਰੀ
ਪਿੰਡ ਭਾਂਖਰਪੁਰ ਕੋਲ ਖਸਤਾ ਹਾਲ ਸੜਕ ਦੀ ਕੀਤੀ ਆਰਜ਼ੀ ਮੁਰੰਮਤ; ਰੋਜ਼ਾਨਾ ਵਾਪਰ ਰਹੇ ਸਨ ਹਾਦਸੇ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਪੈਂਦੇ ਪਿੰਡ ਭਾਂਖਰਪੁਰ ਕੋਲ ਸੜਕ ਦੀ ਖਸਤਾ ਹਾਲਤ ਹੈ। ਇਸ ਸਬੰਧੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਘੁਰਕੀ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀ ਆਪਣੀ ਕੁੰਭਕਰਨੀ ਨੀਂਦ ਤੋਂ ਜਾਗੇ ਤੇ ਇਸ ਦੀ ਆਰਜ਼ੀ ਮੁਰੰਮਤ ਕੀਤੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਪੈਂਦੇ ਪਿੰਡ ਭਾਂਖਰਪੁਰ ਟਰੈਫਿਕ ਲਾਈਟਾਂ ’ਤੇ ਐਨ.ਐਚ.ਏ.ਆਈ. ਵੱਲੋਂ ਜਾਮ ਦੀ ਸਮੱਸਿਆ ਦਾ ਹੱਲ ਕਰਨ ਲਈ ਓਵਰਪਾਸ ਬਰਿੱਜ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਦਾ ਕੰਮ ਸ਼ੁਰੂ ਤੋਂ ਹੀ ਢਿੱਲੀ ਰਫ਼ਤਾਰ ਵਿੱਚ ਚਲ ਰਿਹਾ ਹੈ ਜਿਸ ਕਾਰਨ ਇਥੋਂ ਲੰਘਣ ਵਾਲੀ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜਾ ਸੜਕ ’ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਜਿਸ ਦੀ ਲੰਮੇ ਸਮੇਂ ਤੋਂ ਮੁਰੰਮਤ ਨਹੀਂ ਕੀਤੀ ਜਾ ਰਹੀ। ਲੰਘੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨਾਲ ਇਥੇ ਪਾਣੀ ਭਰ ਗਿਆ ਹੈ ਅਤੇ ਵਾਹਨ ਚਾਲਕਾਂ ਨੂੰ ਸੜਕ ਵਿਚਕਾਰ ਪਏ ਟੋਏ ਦਿਖਾਈ ਨਹੀਂ ਦਿੰਦੇ ਅਤੇ ਹਾਦਸੇ ਵਾਪਰ ਰਹੇ ਹਨ। ਪਿੰਡ ਭਾਂਖਰਪੁਰ ਵਾਸੀਆਂ ਵੱਲੋਂ ਰੋਜ਼ਾਨਾ ਇਥੇ ਵਾਪਰ ਰਹੇ ਹਾਦਸਿਆਂ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਲੰਘੇ ਦਿਨੀਂ ਇਥੇ ਮੋਟਰਸਾਈਕਲ ’ਤੇ ਇਕ ਛੋਟੇ ਬੱਚੇ ਨਾਲ ਜਾ ਰਹੇ ਪਤੀ ਪਤਨੀ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ ਅਤੇ ਬੱਚੇ ਨੂੰ ਵੀ ਗੰਭੀਰ ਸੱਟਾਂ ਵਜੀਆਂ। ਇਸ ਦੀ ਵੀਡੀਓ ਸੋਸ਼ਲ ਮੀਡੀਆ ਵਿੱਚ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਦਾ ਹਲਕਾ ਵਿਧਾਇਕ ਸ੍ਰੀ ਰੰਧਾਵਾ ਨੇ ਗੰਭੀਰ ਨੋਟਿਸ ਲਿਆ। ਉਨ੍ਹਾਂ ਨੇ ਅੱਜ ਮੌਕੇ ’ਤੇ ਜਾ ਕੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟੇ ਵਿੱਚ ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ ਤਾਂ ਉਹ ਉਨ੍ਹਾਂ ਦੇ ਦਫਤਰ ਮੂਹਰੇ ਆਪ ਧਰਨਾ ਦੇਣਗੇ। ਇਸ ਨੂੰ ਦੇਖਦਿਆਂ ਅਧਿਕਾਰੀਆਂ ਨੇ ਬਜਰੀ ਪਾ ਕੇ ਇਥੇ ਖੱਡੇ ਆਰਜ਼ੀ ਤੌਰ ’ਤੇ ਪੂਰ ਦਿੱਤੇ।