‘ਹੁਣ ਦੱਸੋ ਕੌਣ ਮਾਨਸਿਕ ਤੌਰ ’ਤੇੇ ਅਸਥਿਰ’: ਨਵਜੋਤ ਕੌਰ ਸਿੱਧੂ ਨੇ ਕੈਪਟਨ ਨੂੰ ਘੇਰਿਆ
ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਦੀ ਇਕ ਪੋਸਟ ਦੇ ਹਵਾਲੇ ਨਾਲ ਸਾਬਕਾ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਿਆ; ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਮੰਗੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਅੱਤਲ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਦੀ ਸਖ਼ਤ ਆਲੋਚਨਾ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਤੂਫਾਨ ਖੜ੍ਹਾ ਹੋ ਗਿਆ ਹੈ। ਕੈਪਟਨ ਨੇ ‘ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ’ ਦੇ ਨਵਜੋਤ ਕੌਰ ਸਿੱਧੂ ਦੇ ਦਾਅਵੇ ਨੂੰ ‘ਪੂਰੀ ਤਰ੍ਹਾਂ ਝੂਠ’ ਦੱਸਿਆ। ਕੈਪਟਨ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਇੱਕ ਇੰਟਰਵਿਊ ਵਿੱਚ ਸਿੱਧੂ ਦੰਪਤੀ ਨੂੰ ‘ਅਸਥਿਰ’ ਦੱਸਿਆ।
ਅਮਰਿੰਦਰ ਸਿੰਘ ਨੇ ਕਿਹਾ, ‘‘ਉਹ (ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ) ਜੋੜਾ ਅਸਥਿਰ ਹੈ। ਨਵਜੋਤ ਸਿੱਧੂ ਮੇਰਾ ਮੰਤਰੀ ਸੀ। ਦੋ ਵਿਭਾਗ ਦਿੱਤੇ ਜਾਣ ਦੇ ਬਾਵਜੂਦ, ਉਹ ਲਗਾਤਾਰ ਸ਼ਿਕਾਇਤ ਕਰਦਾ ਰਿਹਾ। ਮੈਂ ਉਸ ਨੂੰ ਬਿਜਲੀ ਵਿਭਾਗ ਵੀ ਦਿੱਤਾ, ਪਰ ਉਸ ਨੇ ਅਸਤੀਫਾ ਦੇ ਦਿੱਤਾ ਅਤੇ ਮਹੀਨਿਆਂ ਤੋਂ ਫਾਈਲਾਂ ਪੈਂਡਿੰਗ ਛੱਡ ਦਿੱਤੀਆਂ। ਉਹ ਇਸ ਕੰਮ ਲਈ ਯੋਗ ਨਹੀਂ ਸੀ।’’
ਨਵਜੋਤ ਕੌਰ ਸਿੱਧੂ ਨੇ ਕੈਪਟਨ ਦੇ ਇਸ ਬਿਆਨ ਬਾਰੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਾਬਕਾ ਮੰਤਰੀ ਨੇ X ’ਤੇ ਇਕ ਪੋਸਟ ਵਿਚ ਅਮਰਿੰਦਰ ਸਿੰਘ ਦੇ ਰਿਕਾਰਡ ’ਤੇ ਸਵਾਲ ਉਠਾਉਂਦੇ ਹੋਏ ਪੁੱਛਿਆ, ‘‘ਹੁਣ ਕੌਣ ਮਾਨਸਿਕ ਤੌਰ ’ਤੇ ਅਸਥਿਰ ਹੈ ਅਤੇ ਉਸ ਨੂੰ ਗੰਭੀਰ ਦੇਖਭਾਲ ਦੀ ਲੋੜ ਹੈ?’’
Now who’s mentally unstable and needs critical care; Captain Amarinder Singh????? Punjab is worried. pic.twitter.com/qs3iYSl3TC
— Dr Navjot Sidhu (@NavjotSidh42212) December 12, 2025
ਕੌਰ ਨੇ ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ ਦੀ ਇੱਕ ਪੋਸਟ ਦੇ ਹਵਾਲੇ ਨਾਲ ਕੈਪਟਨ ਨੂੰ ਘੇਰਿਆ। ਇਸ ਪੋਸਟ ਜਿਸ ਵਿੱਚ ਲਿਖਿਆ ਸੀ: ‘ਹੁਣੇ ਕੈਪਟਨ ਅਮਰਿੰਦਰ ਸਿੰਘ ਦਾ ਪੀਟੀਆਈ ਇੰਟਰਵਿਊ ਦੇਖਿਆ ਅਤੇ ਇਸ ਨੂੰ ਆਪਣੇ ਨਵੇਂ ਲੇਖ, ‘ਇੱਕ ਅਸੰਤੁਸ਼ਟ ਅਤੇ ਨਿਰਾਸ਼ ਕੈਪਟਨ ਦੀ ਨਿਰਾਸ਼ਾ - ਅਤੇ ਪੰਜਾਬ ਦੀ ਅੱਗੇ ਵਧਣ ਦੀ ਲੋੜ’’ ਦੇ ਪਰਿਪੇਖ ਵਿੱਚ ਰੱਖਿਆ ਹੈ। ਇਸ ਤੋਂ ਪਹਿਲਾਂ ਕਿ ਉਹ ਭਾਜਪਾ-ਅਕਾਲੀ ਦਲ ਗੱਠਜੋੜ ਦੀ ਗੱਲ ਕਰੇ, ਉਹ ਭਾਜਪਾ ਦੇ ਕੇਂਦਰੀਕ੍ਰਿਤ, ਗੈਰ-ਸਲਾਹਕਾਰ ਸੱਭਿਆਚਾਰ ਦੀ ਆਲੋਚਨਾ ਕਰਦਾ ਹੈ, ਕਾਂਗਰਸ ਦੀ ਸਲਾਹ-ਮਸ਼ਵਰੇ ਦੀ ਯਾਦ ਦਿਵਾਉਂਦਾ ਹੈ, ਅਕਾਲੀਆਂ ਨੂੰ ਸੰਕੁਚਿਤ ਕਹਿੰਦਾ ਹੈ, ਅਤੇ ‘ਆਪ’ ਦੀ ਪੰਜਾਬ ਸਰਕਾਰ ਨੂੰ ਦਿੱਲੀ ਦਾ ‘ਰਿਮੋਟ ਕੰਟਰੋਲ’ ਪ੍ਰੋਜੈਕਟ ਦੱਸਦਾ ਹੈ।’’
Just watched Captain Amarinder Singh’s PTI interview and put it into perspective in my new piece, “A Disgruntled and Dejected Captain’s Disenchantment — and Punjab’s Need to Move On.”
He criticises the BJP’s centralised, non-consultative culture, reminisces about Congress’s… pic.twitter.com/ItVWWLbNqM
— KBS Sidhu, ex-IAS 🇮🇳 (@kbssidhu1961) December 12, 2025
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਤੋਂ ਬਾਅਦ ਸਤੰਬਰ 2021 ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ। ਇੱਕ ਵੱਖਰੀ ਸਿਆਸੀ ਪਾਰਟੀ ਬਣਾਈ ਅਤੇ 2022 ਵਿੱਚ ਇਸ ਦਾ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ।
ਇਸ ਦੌਰਾਨ ਮੁਅੱਤਲ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਕਵਰ ਦੀ ਮੰਗ ਕੀਤੀ ਹੈ। ਕੌਰ ਨੇ ‘ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ’ ਵਾਲੀ ਆਪਣੀ ਵਿਵਾਦਿਤ ਟਿੱਪਣੀ ਤੋਂ ਉੱਠੇ ਸਿਆਸੀ ਤੂਫਾਨ ਦਰਮਿਆਨ ਖ਼ੁਦ ਦੀ ਸੁਰੱਖਿਆ ਨਾਲ ਜੁੜੇ ਫ਼ਿਕਰਾਂ ਦਾ ਹਵਾਲਾ ਦਿੱਤਾ ਹੈ।
CM , Bhagwant Mann ji ; I think I need some security now or else you will be responsible. And kindly answer why there is no response from your side on my issues raised before the Honourable Governor Punjab??? Why are you facilitating liquor and mining mafia??? pic.twitter.com/1EROh3i181
— Dr Navjot Sidhu (@NavjotSidh42212) December 12, 2025
ਸ਼ੁੱਕਰਵਾਰ ਦੇਰ ਰਾਤ X ’ਤੇ ਇੱਕ ਹੋਰ ਪੋਸਟ ਵਿੱਚ ਕੌਰ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਉਠਾਏ ਗਏ ਮੁੱਦਿਆਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੀ ‘ਚੁੱਪੀ’ ਉਤੇ ਸਵਾਲ ਉਠਾਇਆ ਅਤੇ ਮਾਨ ਸਰਕਾਰ ’ਤੇ ‘ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਸਹੂਲਤ ਦੇਣ’ ਦਾ ਦੋਸ਼ ਲਗਾਇਆ।
ਕੌਰ ਨੇ ਲਿਖਿਆ, ‘‘ਮੁੱਖ ਮੰਤਰੀ ਭਗਵੰਤ ਮਾਨ ਜੀ, ਮੈਨੂੰ ਲੱਗਦਾ ਹੈ ਕਿ ਮੈਨੂੰ ਹੁਣ ਕੁਝ ਸੁਰੱਖਿਆ ਦੀ ਲੋੜ ਹੈ, ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਕਿਰਪਾ ਕਰਕੇ ਜਵਾਬ ਦਿਓ ਕਿ ਪੰਜਾਬ ਦੇ ਮਾਣਯੋਗ ਰਾਜਪਾਲ ਸਾਹਮਣੇ ਮੈਂ ਜੋ ਮੁੱਦੇ ਉਠਾਏ ਹਨ, ਉਨ੍ਹਾਂ ’ਤੇ ਤੁਹਾਡੇ ਵੱਲੋਂ ਕੋਈ ਜਵਾਬ ਕਿਉਂ ਨਹੀਂ ਦਿੱਤਾ ਗਿਆ। ਤੁਸੀਂ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਕਿਉਂ ਸਹਿਯੋਗ ਦੇ ਰਹੇ ਹੋ?’’
ਕੌਰ ਨੇ ਰਾਜਪਾਲ ਨੂੰ ਸੌਂਪੇ ਗਏ ਮੰਗ ਪੱਤਰ ਦੀ ਇੱਕ ਕਾਪੀ ਵੀ ਸਾਂਝੀ ਕੀਤੀ, ਜਿਸ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਆਲੇ ਦੁਆਲੇ ਸੁਰੱਖਿਅਤ ਜੰਗਲਾਤ ਜ਼ਮੀਨ ’ਤੇ ਗੈਰ-ਕਾਨੂੰਨੀ ਕਬਜ਼ੇ ਅਤੇ ਰਾਜ ਸਰਕਾਰ ਵੱਲੋਂ ਅਜਿਹੇ ਕਬਜ਼ੇ ਨੂੰ ਨਿਯਮਤ ਕਰਨ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ‘ਜ਼ਮੀਨ ਘੁਟਾਲੇ’ ਦਾ ਦੋਸ਼ ਲਗਾਇਆ ਗਿਆ ਹੈ। ਕੌਰ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੌਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਸ ਦੇ ਪਤੀ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਰਗਰਮ ਰਾਜਨੀਤੀ ਵਿੱਚ ਤਾਂ ਹੀ ਵਾਪਸ ਆਉਣਗੇ ਜੇਕਰ ਕਾਂਗਰਸ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਚਿਹਰਾ ਨਿਯੁਕਤ ਕਰਦੀ ਹੈ। ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਨੂੰ ਪੇਸ਼ਕਸ਼ ਕਰਨ ਲਈ ਪੈਸੇ ਨਹੀਂ ਹਨ ਪਰ ਉਹ ਪੰਜਾਬ ਨੂੰ ‘ਸੁਨਹਿਰੀ ਰਾਜ’ ਵਿੱਚ ਬਦਲ ਸਕਦੇ ਹਨ।
ਕੌਰ ਨੇ ਰਾਜਪਾਲ ਨੂੰ ਮਿਲਣ ਮਗਰੋਂ ਕਿਹਾ ਸੀ, ‘‘ਅਸੀਂ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਬੋਲਦੇ ਹਾਂ, ਪਰ ਸਾਡੇ ਕੋਲ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਵਾਸਤੇ ਦੇਣ ਲਈ 500 ਕਰੋੜ ਰੁਪਏ ਨਹੀਂ ਹਨ।’’ ਕੌਰ ਦੀ ਇਸ ਟਿੱਪਣੀ ਦਾ ਜ਼ੋਰਦਾਰ ਵਿਰੋਧ ਹੋਇਆ, ਜਿਸ ਕਾਰਨ ਪੰਜਾਬ ਕਾਂਗਰਸ ਨੇ ਉਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ। ਕੌਰ ਨੇ ਹਾਲਾਂਕਿ ਮਗਰੋਂ ਐਕਸ ’ਤੇ ਇੱਕ ਸਪੱਸ਼ਟੀਕਰਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਉਸ ਦੀ ਟਿੱਪਣੀ ਦਾ ਗਲਤ ਅਰਥ ਕੱਢਿਆ ਗਿਆ ਹੈ। ਕੌਰ ਨੇ ਕਿਹਾ, ‘‘ਮੈਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਸਾਡੇ ਤੋਂ ਕੁਝ ਨਹੀਂ ਮੰਗਿਆ ਅਤੇ ਸਾਡੇ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਦੇਣ ਲਈ ਪੈਸੇ ਨਹੀਂ ਹਨ।’’

