ਨਗਰ ਕੌਂਸਲ ਰੂਪਨਗਰ ਦੇ ਹਾਊਸ ਦੀ ਮੀਟਿੰਗ ਅੱਜ ਐੱਸਡੀਐੱਮ ਡਾ. ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਕੌਂਸਲ ਦੇ ਪ੍ਰਧਾਨ ਸੰਜੈ ਵਰਮਾ ਖ਼ਿਲਾਫ਼ ਕੌਂਸਲਰਾਂ ਵੱਲੋਂ ਜਤਾਈ ਬੇਭਰੋਸਗੀ ਸਬੰਧੀ ਚਰਚਾ ਕੀਤੀ ਗਈ। ਕੌਂਸਲਰਾਂ ਵੱਲੋਂ ਮਨੋਨੀਤ ਕਨਵੀਨਰ ਰਾਜੇਸ਼ ਕੁਮਾਰ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਗਤੀਸ਼ੀਲ ਕਰਨ ਲਈ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਜ਼ਾਹਿਰ ਕਰਦਿਆਂ ਇਹ ਮੀਟਿੰਗ ਬੁਲਾਈ ਗਈ ਹੈ, ਕਿਉਂਕਿ ਮੌਜੂਦਾ ਪ੍ਰਧਾਨ ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਉਨ੍ਹਾਂ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਜਿਹੜੇ ਕੌਂਸਲਰ ਪ੍ਰਧਾਨ ਖ਼ਿਲਾਫ਼ ਹਨ, ਉਹ ਆਪਣੇ ਹੱਥ ਖੜ੍ਹੇ ਕਰਕੇ ਫੈਸਲਾ ਦੇਣ। ਇਸ ਦੌਰਾਨ 18 ਕੌਂਸਲਰਾਂ ਨੇ ਪ੍ਰਧਾਨ ਦੇ ਵਿਰੋਧ ਵਿੱਚ ਹੱਥ ਖੜ੍ਹੇ ਕਰਕੇ ਆਪਣੀ ਅਸਹਿਮਤੀ ਜਤਾਈ, ਜਦੋਂਕਿ ਪ੍ਰਧਾਨ ਸੰਜੈ ਵਰਮਾ ਅਤੇ ਅਕਾਲੀ ਕੌਂਸਲਰ ਇਕਬਾਲ ਕੌਰ ਮੱਕੜ ਮੀਟਿੰਗ ਤੋਂ ਗੈਰਹਾਜ਼ਰ ਰਹੇ।
ਮੀਟਿੰਗ ਦੌਰਾਨ ਐਸਐੱਚਓ ਸਿਟੀ ਪਵਨ ਕੁਮਾਰ ਦੀ ਅਗਵਾਈ ਅਧੀਨ ਪੁਲੀਸ ਨੇ ਭਾਰੀ ਸੁਰੱਖਿਆ ਬੰਦੋਬਸਤ ਕੀਤੇ ਹੋਏ ਸਨ। ਇਸ ਤੋਂ ਪਹਿਲਾਂ 20 ਅਗਸਤ ਨੂੰ ਵੀ ਮੀਟਿੰਗ ਸੱਦੀ ਗਈ ਸੀ, ਪਰ ਉੁਸ ਸਮੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਕਾਂਗਰਸੀ ਕੌਸਲਰਾਂ ਨੂੰ ਇਹ ਭਰੋਸਾ ਦੇ ਕੇ ਮੀਟਿੰਗ ਨੂੰ ਕੁੱਝ ਸਮੇਂ ਲਈ ਮੁਲਤਵੀ ਕਰਵਾ ਦਿੱਤਾ ਸੀ ਕਿ ਉਹ ਪ੍ਰਧਾਨ ਸੰਜੈ ਵਰਮਾ ਨਾਲ ਗੱਲਬਾਤ ਕਰਕੇ ਉਸ ਨੂੰ ਖੁਦ ਹੀ ਅਸਤੀਫਾ ਦੇਣ ਲਈ ਮਨਾ ਲੈਣਗੇ, ਪਰ ਅਜਿਹਾ ਨਹੀਂ ਹੋ ਸਕਿਆ।
ਚੰਨੀ ਤੇ ਸੈਣੀ ਨੇ ਵੀ ਪ੍ਰਧਾਨ ਦੇ ਵਿਰੋਧ ਵਿੱਚ ਹੱਥ ਖੜ੍ਹੇ਼ ਕੀਤੇ
ਨਗਰ ਕੌਂਸਲ ਪ੍ਰਧਾਨ ਦੀਆਂ ਸੱਜੀ ਤੇ ਖੱਬੀ ਬਾਂਹ ਸਮਝੇ ਜਾਣ ਵਾਲੇ ਤੇ ਹਰ ਸਮੇਂ ਪ੍ਰਧਾਨ ਦੇ ਨਾਲ ਖੜ੍ਹਨ ਵਾਲੇ ਕੌਂਸਲਰਾਂ ਚਰਨਜੀਤ ਸਿੰਘ ਚੰਨੀ ਅਤੇ ਸਰਬਜੀਤ ਸਿੰਘ ਸੈਣੀ ਨੇ ਵੀ ਅੱਜ ਪ੍ਰਧਾਨ ਦੇ ਵਿਰੁੱਧ ਹੱਥ ਖੜ੍ਹੇ ਕਰਕੇ ਵਿਰੋਧ ਜਤਾਇਆ।