NIA Chargesheet - Goldy Brar: ਐਨਆਈਏ ਵੱਲੋਂ ਗੁਰੂਗ੍ਰਾਮ ਬੰਬ ਹਮਲੇ ਸਬੰਧੀ ਗੋਲਡੀ ਬਰਾੜ ਸਣੇ 5 ਖ਼ਿਲਾਫ਼ ਚਾਰਜਸ਼ੀਟ ਦਾਖ਼ਲ
NIA chargesheets Khalistani terrorist Goldy Brar, 4 others in Gurugram bomb attack case
ਨਵੀਂ ਦਿੱਲੀ, 7 ਜੂਨ
ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਕੌਮੀ ਜਾਂਚ ਏਜੰਸੀ (National Investigation Agency - NIA) ਨੇ 2024 ਵਿੱਚ ਗੁਰੂਗ੍ਰਾਮ ਦੇ ਦੋ ਕਲੱਬਾਂ 'ਤੇ ਹੋਏ ਬੰਬ ਹਮਲਿਆਂ ਨਾਲ ਸਬੰਧਤ ਮਾਮਲੇ ਵਿੱਚ ਕੈਨੇਡਾ ਸਥਿਤ ਖਾਲਿਸਤਾਨੀ ਅੱਤਵਾਦੀ ਗੋਲਡੀ ਬਰਾੜ ਸਮੇਤ ਪੰਜ ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਹੈ।
NIA ਨੇ ਸ਼ੁੱਕਰਵਾਰ ਨੂੰ ਪੰਚਕੂਲਾ ਦੀ ਇੱਕ ਅਦਾਲਤ ਵਿੱਚ ਦਾਇਰ ਆਪਣੀ ਫ਼ਰਦ ਜੁਰਮ ਵਿੱਚ ਭਾਰਤੀ ਨਿਆਏ ਸੰਹਿਤਾ (BNS), ਅਸਲਾ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ (UAPA) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਸਚਿਨ ਤਲਿਆਨ, ਅੰਕਿਤ, ਭਾਵਿਸ਼ ਅਤੇ ਅਮਰੀਕਾ ਸਥਿਤ ਰਣਦੀਪ ਸਿੰਘ ਉਰਫ ਰਣਦੀਪ ਮਲਿਕ ਨੂੰ ਨਾਮਜ਼ਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਬਰਾੜ ਅਤੇ ਮਲਿਕ ਨੂੰ ਛੱਡ ਕੇ, ਬਾਕੀ ਸਾਰਿਆਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਐਨਆਈਏ ਨੇ ਮੁਲਜ਼ਮਾਂ ਨੂੰ ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਵੇਅਰਹਾਊਸ ਕਲੱਬ ਅਤੇ ਹਿਊਮਨ ਕਲੱਬ ਨੂੰ ਬੰਬਾਂ ਨਾਲ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਪਾਇਆ ਸੀ।
ਅਧਿਕਾਰਤ ਬਿਆਨ ਅਨੁਸਾਰ, ਇਹ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (Babbar Khalsa International - BKI) ) ਦੀ ਹਿੰਸਾ ਫੈਲਾ ਕੇ ਹਰਿਆਣਾ ਅਤੇ ਗੁਆਂਢੀ ਖੇਤਰਾਂ ਵਿੱਚ ਫਿਰਕੂ ਤਣਾਅ ਫੈਲਾਉਣ ਅਤੇ ਸ਼ਾਂਤੀ ਭੰਗ ਕਰਨ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਬੀਕੇਆਈ ਦੇ ਮੈਂਬਰਾਂ ਅਤੇ ਕੈਡਰਾਂ ਨੇ ਇਹ ਹਮਲਾ 10 ਦਸੰਬਰ, 2024 ਨੂੰ ਕੀਤਾ ਸੀ। -ਪੀਟੀਆਈ

