ਕਾਰ ਦਰੱਖਤ ਨਾਲ ਟਕਰਾਉਣ ਕਾਰਨ ਨਵ-ਵਿਆਹੁਤਾ ਹਲਾਕ; ਪਤੀ ਗੰਭੀਰ ਜ਼ਖਮੀ
ਤਿੰਨ ਦਿਨ ਪਹਿਲਾਂ ਹੋਇਆ ਸੀ ਵਿਆਹ; ਫੇਰਾ ਪਾ ਕੇ ਆ ਰਿਹਾ ਸੀ ਜੋਡ਼ਾ
ਮਾਨੂਪੁਰ-ਬਲਾਰਾ ਸੜਕ ’ਤੇ ਇਕ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਇੱਕ ਨਵ-ਵਿਆਹੀ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ।
ਮ੍ਰਿਤਕਾ ਦੀ ਪਛਾਣ ਅਮਰਦੀਪ ਕੌਰ (21) ਵਜੋਂ ਹੋਈ ਹੈ। ਉਸ ਦਾ ਪਤੀ ਗੁਰਮੁਖ ਸਿੰਘ ਦੁਬਾਲੀ ਪਿੰਡ ਦੇ ਵਾਸੀ ਦਾ ਸਰਕਾਰੀ ਹਸਪਤਾਲ, ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ। ਬਡਾਲੀ ਆਲਾ ਸਿੰਘ ਪੁਲੀਸ ਸਟੇਸ਼ਨ ਦੇ ਐਸਐਚਓ ਹਰਕੀਰਤ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਮੰਗਲਵਾਰ ਰਾਤ 9 ਵਜੇ ਦੇ ਕਰੀਬ ਇੱਕ ਕਾਰ ਦਰੱਖਤ ਨਾਲ ਟਕਰਾਉਣ ਦੀ ਸੂਚਨਾ ਮਿਲੀ। ਇਨ੍ਹਾਂ ਦਾ ਤਿੰਨ ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਨਵ ਵਿਆਹੁਤਾ ਫੇਰਾ ਪਾ ਕੇ ਆਪਣੇ ਪਤੀ ਨਾਲ ਵਾਪਸ ਆ ਰਹੀ ਸੀ। ਪੁਲੀਸ ਟੀਮ ਮੌਕੇ 'ਤੇ ਪਹੁੰਚੀ ਅਤੇ ਗੱਡੀ ਦੇ ਅੰਦਰ ਫਸੇ ਦੋਵਾਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਮਰਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਗੰਭੀਰ ਜ਼ਖਮੀ ਗੁਰਮੁਖ ਸਿੰਘ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਐਸਐਚਓ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ।
ਹਾਦਸੇ ਦਾ ਸਹੀ ਕਾਰਨ ਗੁਰਮੁਖ ਸਿੰਘ ਦੇ ਬਿਆਨ ਦਰਜ ਕਰਨ ਅਤੇ ਗੱਡੀ ਦੀ ਤਕਨੀਕੀ ਜਾਂਚ ਕਰਨ ਤੋਂ ਬਾਅਦ ਪਤਾ ਲੱਗੇਗਾ। ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
ਔਰਤ ਦੇ ਚਾਚਾ ਕੁਲਦੀਪ ਸਿੰਘ ਨੇ ਕਿਹਾ ਕਿ ਜੋੜੇ ਦਾ ਵਿਆਹ ਐਤਵਾਰ ਨੂੰ ਹੋਇਆ ਸੀ ਅਤੇ ਉਹ ਨਵ ਵਿਆਹੁਤਾ ਦੇ ਮਾਪਿਆਂ ਦੇ ਘਰ ਤੋਂ ਫੇਰਾ ਪਾ ਕੇ ਵਾਪਸ ਆ ਰਹੇ ਸਨ ਕਿ ਹਾਦਸਾ ਵਾਪਰ ਗਿਆ।

