ਅਧਿਆਪਕਾਂ ਦੇ ਡਰੈੱਸ ਕੋਡ ਲਈ ਨਵੀਂ ਤਰੀਕ ਐਲਾਨੀ
ਯੂਟੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਡਰੈਸ ਕੋਡ ਦਾ ਮਾਮਲਾ ਮੁੜ ਸੁਰਖੀਆਂ ਵਿਚ ਆ ਗਿਆ ਹੈ। ਅਧਿਆਪਕਾਂ ਦੇ ਲਗਾਤਾਰ ਰੋਸ ਕਾਰਨ ਸਿੱਖਿਆ ਵਿਭਾਗ ਨੇ ਹੁਣ ਡਰੈਸ ਕੋਡ ਲਾਗੂ ਕਰਨ ਲਈ ਨਵੀਂ ਤਰੀਕ ਐਲਾਨ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸਿੱਖਿਆ ਵਿਭਾਗ ਅਧਿਆਪਕਾਂ ਦੇ ਡਰੈਸ ਕੋਡ ਲਈ ਦੋ ਵਾਰ ਸਮਾਂ ਸੀਮਾ ਨਿਰਧਾਰਤ ਕਰ ਚੁੱਕਿਆ ਹੈ। ਸਿੱਖਿਆ ਵਿਭਾਗ ਨੇ ਨਵੇਂ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਹੁਣ ਅਧਿਆਪਕ 14 ਅਗਸਤ ਤਕ ਨਵੀਆਂ ਵਰਦੀਆਂ ਸਵਾ ਲੈਣ। ਦੂਜੇ ਪਾਸੇ ਅਧਿਕਾਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਕਈ ਅਧਿਆਪਕਾਂ ਦੀਆਂ ਡਰੈੱਸਾਂ ਤਿਆਰ ਨਹੀਂ ਹੋਈਆਂ ਜਿਸ ਕਰ ਕੇ ਸਮਾਂ ਮੰਗਿਆ ਜਾ ਰਿਹਾ ਹੈ। ਇਸ ਦੇ ਦੂਜੇ ਪਾਸੇ ਅਧਿਆਪਕ ਕਹਿ ਰਹੇ ਹਨ ਕਿ ਇਨ੍ਹਾਂ ਹੁਕਮਾਂ ਨੂੰ ਰੱਦ ਕਰਨਾ ਚਾਹੀਦਾ ਹੈ। ਅਧਿਆਪਕ ਕਹਿ ਰਹੇ ਹਨ ਕਿ ਉਹ ਕਾਰਪੋਰਟ ਨਾਲ ਸਬੰਧਤ ਨਹੀਂ ਹਨ ਤੇ ਨਾ ਹੀ ਉਨ੍ਹਾਂ ਦੀ ਕੋਈ ਪਬਲਿਕ ਡੀਲਿੰਗ ਹੈ ਜਿਸ ਕਰ ਕੇ ਅਜਿਹੀ ਵਰਦੀ ਦੀ ਲੋੜ ਨਹੀਂ ਹੈ।
ਸਿੱਖਿਆ ਵਿਭਾਗ ਨੇ ਹੁਕਮਾਂ ਵਿਚ ਕਿਹਾ ਹੈ ਕਿ ਅਧਿਆਪਕ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਵਿਚ ਵਰਦੀਆਂ ਸਣੇ ਸ਼ਿਰਕਤ ਕਰਨ।
ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ 20 ਜੁਲਾਈ ਤੋਂ ਡਰੈੱਸ ਕੋਡ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਉਸ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਸਮਾਪਤ ਹੋਣ ਤੋਂ ਬਾਅਦ 30 ਜੂਨ ਨੂੰ ਅਧਿਆਪਕਾਂ ਨੂੰ ਡਰੈਸ ਵਿਚ ਆਉਣ ਲਈ ਕਿਹਾ ਗਿਆ ਸੀ।
ਇਸ ਫੈਸਲੇ ਦਾ ਸਾਰੇ ਪਾਸਿਉਂ ਵਿਰੋਧ ਹੋਇਆ ਸੀ ਜਿਸ ਨੂੰ ਦੇਖਦਿਆਂ ਸਿੱਖਿਆ ਵਿਭਾਗ ਨੂੰ ਆਪਣੇ ਹੁਕਮ ਬਦਲਣੇ ਪਏ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਕਿਹਾ ਕਿ ਅਧਿਆਪਕਾਂ ’ਤੇ ਡਰੈਸ ਕੋਡ ਲਾਗੂ ਕਰਨਾ ਜਾਇਜ਼ ਨਹੀਂ ਹੈ।