ਹੜ੍ਹਾਂ ਵਾਲਾ ਪਾਣੀ ਵੀ ਸੰਭਾਲਣ ਗੁਆਂਢੀ ਰਾਜ: ਮਾਂਗਟ
ਪੰਜਾਬ ਵਿੱਚ ਕਈ ਥਾਈਂ ਆਏ ਹੜ੍ਹਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਸਮਾਜਸੇਵੀ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਹੜ੍ਹ ਆਉਣ ਅਤੇ ਬੱਦਲ ਫੱਟਣ ਕਾਰਨ ਪੰਜਾਬ ਦੀਆਂ ਨਦੀਆਂ ਤੇ ਨਾਲਿਆਂ ਵਿੱਚ ਪਾਣੀ ਓਵਰ ਫਲੋਅ ਹੋ ਗਿਆ। ਇਸ ਤੋਂ ਇਲਾਵਾ ਡੈਮਾਂ ਵਿੱਚ ਵੀ ਪਾਣੀ ਆਉਣ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਸ੍ਰੀ ਮਾਂਗਟ ਨੇ ਦੱਸਿਆ ਕਿ ਉਕਤ ਪਾਣੀ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਝੱਲ ਰਹੇ ਹਨ ਅਤੇ ਹੋਏ ਨੁਕਸਾਨ ਕਰਨ ਬੇਹੱਦ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ। ਸ੍ਰੀ ਮਾਂਗਟ ਨੇ ਕਿਹਾ ਕਿ ਜਦੋਂ ਸੋਕੇ ਦੇ ਦਿਨ ਹੁੰਦੇ ਹਨ ਤਾਂ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਸਣੇ ਹੋਰ ਸੂਬੇ ਪੰਜਾਬ ਦੇ ਪਾਣੀਆਂ ਵਿੱਚੋਂ ਆਪਣਾ ਹਿੱਸਾ ਮੰਗਦੇ ਹਨ ਪਰ ਹੁਣ ਆਏ ਹੜ੍ਹਾਂ ਕਾਰਨ ਕੋਈ ਵੀ ਸੂਬਾ ਸਾਰ ਨਹੀਂ ਲੈ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ। ਇਸ ਮੌਕੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋ, ਗੁਰਦੀਪ ਸਿੰਘ ਭਲਵਾਨ, ਜਤਿੰਦਰਪਾਲ ਸਿੰਘ ਜਿੰਦੂ ਅਤੇ ਗੁਰਵਿੰਦਰ ਸਿੰਘ ਸੋਨਾ ਆਦਿ ਹਾਜ਼ਰ ਸਨ।