ਨੇਹਾ ਅਹਿਲਾਵਤ ਕਤਲ ਕੇਸ: ਕੋਰਟ ਵੱਲੋਂ 15 ਸਾਲ ਪੁਰਾਣੇ ਕੇਸ ’ਚ ਟੈਕਸੀ ਡਰਾਈਵਰ ਦੋਸ਼ੀ ਕਰਾਰ
ਕੋਰਟ ਸ਼ੁੱਕਰਵਾਰ ਨੂੰ ਸੁਣਾਏਗੀ ਸਜ਼ਾ
15 years old Neha Ahlawat murder case ਸਥਾਨਕ ਕੋਰਟ ਨੇ 21 ਸਾਲਾ ਵਿਦਿਆਰਥਣ ਨੇਹਾ ਅਹਿਲਾਵਤ ਦੇ 15 ਸਾਲ ਪੁਰਾਣੇ ਕਤਲ ਮਾਮਲੇ ਵਿਚ ਟੈਕਸੀ ਡਰਾਈਵਰ ਮੋਨੂ ਕੁਮਾਰ ਵਾਸੀ ਸ਼ਾਹਪੁਰ ਕਲੋਨੀ ਸੈਕਟਰ 38 ਵੈਸਟ ਚੰਡੀਗੜ੍ਹ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਵੱਲੋਂ ਸਜ਼ਾ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
ਚੰਡੀਗੜ੍ਹ ਪੁਲੀਸ ਨੇ 30 ਜੁਲਾਈ, 2010 ਨੂੰ ਸੈਕਟਰ 38 ਚੰਡੀਗੜ੍ਹ ਦੇ ਜੰਗਲੀ ਖੇਤਰ ਵਿੱਚੋਂ ਲੜਕੀ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਮਗਰੋਂ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਸੀ। ਲੜਕੀ ਦੇ ਪਿਤਾ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਸੀ ਕਿ 30 ਜੁਲਾਈ, 2010 ਦੀ ਸ਼ਾਮ ਨੂੰ 6 ਵਜੇ ਦੇ ਕਰੀਬ ਉਸ ਦੀ 21 ਸਾਲਾ ਧੀ ਨੇਹਾ ਆਪਣੇ ਘਰੋਂ ਸਕੂਟਰ ’ਤੇ ਸੈਕਟਰ-15 ਵਿਚ ਇੰਗਲਿਸ਼ ਸਪੀਕਿੰਗ ਕਲਾਸ ਲਈ ਨਿਕਲੀ ਸੀ। ਜਦੋਂ ਨੇਹਾ ਰਾਤ 9 ਵਜੇ ਤੱਕ ਵਾਪਸ ਨਹੀਂ ਆਈ, ਤਾਂ ਉਸ ਨੇ ਨੇਹਾ ਦੇ ਦੋਸਤ ਨੂੰ ਫ਼ੋਨ ਕੀਤਾ ਅਤੇ ਨੇਹਾ ਬਾਰੇ ਪੁੱਛਿਆ ਪਰ ਉਸ ਨੇ ਦੱਸਿਆ ਕਿ ਨੇਹਾ ਉਸ ਦੇ ਘਰ ਨਹੀਂ ਆਈ।
ਇਸ ਤੋਂ ਬਾਅਦ ਨੇਹਾ ਦੀ ਇੱਕ ਹੋਰ ਦੋਸਤ ਉਸ ਦੇ ਘਰ ਆਈ ਅਤੇ ਦੱਸਿਆ ਕਿ ਨੇਹਾ ਸ਼ਾਮ 07.30 ਵਜੇ ਦੇ ਕਰੀਬ ਉਸ ਨੂੰ ਮਿਲੀ ਤੇ ਪੰਦਰਾਂ ਮਿੰਟਾਂ ਬਾਅਦ ਉਥੋਂ ਚਲੀ ਗਈ। ਉਪਰੰਤ ਉਨ੍ਹਾਂ ਸਾਰਿਆਂ ਨੇ ਨੇਹਾ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਇਸ ਦੌਰਾਨ ਉਸ ਨੂੰ ਉਸਦੀ ਸਹੇਲੀ ਦਾ ਫੋਨ ਆਇਆ ਕਿ ਨੇਹਾ ਦਾ ਸਕੂਟਰ ਟੈਕਸੀ ਸਟੈਂਡ, ਸੈਕਟਰ-38 ਵੈਸਟ ਖੜ੍ਹਾ ਹੈ ਤੇ ਉਸ ’ਤੇੇ ਖੂਨ ਦੇ ਧੱਬੇ ਹਨ। ਜਦੋਂ ਉਹ ਕਰਨ ਟੈਕਸੀ ਸਟੈਂਡ ਪਹੁੰਚੇ ਤਾਂ ਦੇਖਿਆ ਕਿ ਸੜਕ ਦੇ ਦੂਜੇ ਪਾਸੇ ਨੇਹਾ ਅਰਧ ਨਗਨ ਹਾਲਤ ਵਿਚ ਝਾੜੀਆਂ ’ਚ ਖੂਨ ਵਿਚ ਲਥਪਥ ਪਈ ਹੈ। ਉਸ ਨੂੰ ਤੁਰੰਤ ਪੀਜੀਆਈ ਲਿਜਾਇਆ ਗਿਆ ਜਿੱਥੇ ਇੱਕ ਡਿਊਟੀ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਰ ਪੁਲੀਸ ਸਾਲਾਂ ਤੱਕ ਮੁਲਜ਼ਮ ਨੂੰ ਲੱਭਣ ਵਿੱਚ ਅਸਫਲ ਰਹੀ ਅਤੇ 2020 ਵਿੱਚ ਜਾਂਚ ਬੰਦ ਕਰ ਦਿੱਤੀ।
ਅਖੀਰ ਇਹ ਮਾਮਲਾ ਉਦੋਂ ਹੱਲ ਹੋ ਗਿਆ ਜਦੋਂ ਮੁਲਜ਼ਮ ਨੂੰ 2022 ਵਿੱਚ ਇਸੇ ਇਲਾਕੇ ਵਿੱਚ ਹੋਏ ਇੱਕ ਹੋਰ ਔਰਤ ਦੇ ਕਤਲ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਵੀ ਔਰਤ ਮਨਦੀਪ ਦੀ ਲਾਸ਼ ਜੰਗਲੀ ਖੇਤਰ ਵਿੱਚੋਂ ਮਿਲੀ। ਪੁਲੀਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਔਰਤ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਸੀ।
ਇਸ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੇ ਇਲਾਕੇ ਦੇ ਅਪਰਾਧਿਕ ਰਿਕਾਰਡ ਵਾਲੇ ਸ਼ੱਕੀ ਵਿਅਕਤੀਆਂ ਦੇ ਡੀਐਨਏ ਨਮੂਨੇ ਲਏ। ਮੁਲਜ਼ਮ ਮੋਨੂੰ ਦਾ ਡੀਐਨਏ ਨਮੂਨਾ ਮ੍ਰਿਤਕ ਤੋਂ ਇਕੱਠੇ ਕੀਤੇ ਨਮੂਨਿਆਂ ਨਾਲ ਮੇਲ ਖਾ ਗਿਆ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਹਿਰਾਸਤ ਦੌਰਾਨ ਨੇਹਾ ਅਹਿਲਾਵਤ ਦੇ ਕਤਲ ਦਾ ਵੀ ਇਕਬਾਲ ਕੀਤਾ ਹੈ। ਇਸ ਮਾਮਲੇ ਵਿੱਚ ਵੀ ਮੁਲਜ਼ਮ ਦਾ ਡੀਐਨਏ ਨਮੂਨਾ ਨੇਹਾ ਅਹਿਲਾਵਤ ਨਾਲ ਮੇਲ ਖਾਂਦਾ ਹੈ

