ਐੱਨਸੀਸੀ ਗਰੁੱਪ ਚੰਡੀਗੜ੍ਹ ਨੇ ਯੋਗ ਦਿਵਸ ਮਨਾਇਆ
ਚੰਡੀਗੜ੍ਹ: ਐਨਸੀਸੀ ਗਰੁੱਪ ਚੰਡੀਗੜ੍ਹ ਨੇ ਕੇਂਦਰੀ ਸੰਚਾਰ ਬਿਊਰੋ, ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ। ਇਸ ਮੌਕੇ ਐਨਸੀਸੀ ਡਾਇਰੈਕਟੋਰੇਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਵਧੀਕ ਡਾਇਰੈਕਟਰ ਜਨਰਲ...
Advertisement
ਚੰਡੀਗੜ੍ਹ: ਐਨਸੀਸੀ ਗਰੁੱਪ ਚੰਡੀਗੜ੍ਹ ਨੇ ਕੇਂਦਰੀ ਸੰਚਾਰ ਬਿਊਰੋ, ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ। ਇਸ ਮੌਕੇ ਐਨਸੀਸੀ ਡਾਇਰੈਕਟੋਰੇਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਵਧੀਕ ਡਾਇਰੈਕਟਰ ਜਨਰਲ ਮੇਜਰ ਜਨਰਲ ਜੇਐੱਸ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕੌਮਾਂਤਰੀ ਯੋਗ ਦਿਵਸ ਦੇ ਵਿਸ਼ੇ ’ਤੇ ਲੇਖ, ਪੋਸਟਰ ਤੇ ਪੇਂਟਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਦਿੱਤੇ। ਇਸ ਦੌਰਾਨ ਚੰਡੀਗੜ੍ਹ ਗਰਲਜ਼ ਬਟਾਲੀਅਨ ਐੱਨਸੀਸੀ, ਚੰਡੀਗੜ੍ਹ ਬਟਾਲੀਅਨ ਐੱਨਸੀਸੀ ਅਤੇ ਚੰਡੀਗੜ੍ਹ ਏਅਰ ਫੋਰਸ ਐੱਨਸੀਸੀ ਯੂਨਿਟ ਦੇ ਸੈਂਕੜੇ ਕੈਡੇਟਸ, ਸਰਕਾਰੀ ਕਾਲਜ ਸਟਾਫ ਅਤੇ ਸੀਬੀਸੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਸਥਿਤ 12 ਵਿੰਗ ਏਅਰਫੋਰਸ ਸਟੇਸ਼ਨ ਚੰਡੀਗੜ੍ਹ ਵਿੱਚ ਵੀ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। -ਟ੍ਰਿਬਿਊਨ ਨਿਊਜ਼ ਸਰਵਿਸ
ਮਹਿਲਾ ਨਸ਼ਾ ਤਸਕਰ ਦਾ ਘਰ ਢਾਹਿਆ
ਪੰਚਕੂਲਾ: ਸਥਾਨਕ ਪੁਲੀਸ ਨੇ ਕਾਲਕਾ ਦੇ ਰਾਮਬਾਗ ਰੋਡ ’ਤੇ ਇੱਕ ਝੁੱਗੀ-ਝੌਂਪੜੀ ਇਲਾਕੇ ਵਿੱਚ ਇੱਕ ਮਹਿਲਾ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਜਾਇਦਾਦ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ। ਪੁਲੀਸ ਦੇ ਅਨੁਸਾਰ ਕਾਲਕਾ ਥਾਣਾ ਖੇਤਰ ਵਿੱਚ ਔਰਤ ਵਿਰੁੱਧ ਚਰਸ, ਗਾਂਜਾ ਅਤੇ ਹੈਰੋਇਨ ਦੀ ਤਸਕਰੀ ਨਾਲ ਸਬੰਧਤ ਤਿੰਨ ਕੇਸ ਦਰਜ ਹਨ। ਉਸ ਨੇ ਝੁੱਗੀ-ਝੌਂਪੜੀ ਖੇਤਰ ਵਿੱਚ ਇੱਕ ਕੰਕਰੀਟ ਦਾ ਘਰ ਬਣਾਇਆ ਸੀ। ਮਹਿਲਾ ਤਸਕਰ ਦਾ ਘਰ ਢਾਹੁਣ ਸਮੇਂ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। -ਪੱਤਰ ਪ੍ਰੇਰਕ
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਏਆਈ ’ਤੇ ਵਰਕਸ਼ਾਪ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਦੇ ਇੰਜਨੀਅਰਿੰਗ ਤਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਨੇ ਵਿਨੋਵੇਸ਼ਨ ਤਕਨਾਲੋਜੀ ਦੇ ਸਹਿਯੋਗ ਨਾਲ ਏਆਈ ’ਤੇ ਵਰਕਸ਼ਾਪ ਕਾਰਵਾਈ ਗਈ। ਇਸ ਵਿੱਚ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਫ਼ੈਕਲਟੀ ਮੈਂਬਰ ਤੇ ਤਕਨੀਕੀ ਸਟਾਫ ਮੌਜੂਦ ਸੀ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਵਾਈਸ ਚਾਂਸਲਰ ਡਾ. ਸਦਾਵਰਤੀ ਨੇ ਰੋਜ਼ਾਨਾ ਜੀਵਨ ਵਿੱਚ ਏਆਈ ਦੀ ਵਧਦੀ ਲੋੜ ਅਤੇ ਭੂਮਿਕਾ ਨੂੰ ਉਜਾਗਰ ਕੀਤਾ। ਵਿਨੋਵੇਸ਼ਨ ਟੈਕਨਾਲੋਜੀ ਦੇ ਸ਼ੁਭਮ ਜਸਰੋਟੀਆ ਨੇ ਇੱਕ ਦਿਲਚਸਪ ਸੈਸ਼ਨ ਕੀਤਾ। ਪ੍ਰੋਗਰਾਮ ਦਾ ਸਮਾਪਨ ਡਿਪਟੀ ਡਾਇਰੈਕਟਰ ਡਾ. ਖੁਸ਼ਬੂ ਬਾਂਸਲ ਨੇ ਧੰਨਵਾਦ ਕੀਤਾ ਜਿਨ੍ਹਾਂ ਯੂਨੀਵਰਸਿਟੀ ਲੀਡਰਸ਼ਿਪ, ਵਿਨੋਵੇਸ਼ਨ ਦੀ ਸਰੋਤ ਟੀਮ, ਪ੍ਰਬੰਧਕੀ ਕਮੇਟੀ ਅਤੇ ਸਾਰੇ ਭਾਗੀਦਾਰਾਂ ਦਾ ਉਨ੍ਹਾਂ ਦੀ ਉਤਸ਼ਾਹੀ ਸ਼ਮੂਲੀਅਤ ਲਈ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
ਵਿਸ਼ੇਸ਼ ਧਰਮ ਪ੍ਰਚਾਰ ਲਹਿਰ ਸ਼ੁਰੂ ਕਰੇਗਾ ਬੁੱਢਾ ਦਲ: ਬਾਬਾ ਬਲਬੀਰ ਸਿੰਘ
ਸ੍ਰੀ ਆਨੰਦਪੁਰ ਸਾਹਿਬ: ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਰਮ ਪ੍ਰਚਾਰ ਲਹਿਰ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਬੁੱਢਾ ਦਲ ਵੱਲੋਂ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਜਾਵੇਗੀ। ਇਸ ਲਹਿਰ ਤਹਿਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ ਵਿੱਚ ਵੀ ਸਿੱਖ ਧਰਮ ਦੇ ਗੁਰੂ ਸਾਹਿਬਾਨ ਦੇ ਸੁਨੇਹੇ ਨੂੰ ਘਰ-ਘਰ ਤਕ ਪਹੁੰਚਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਅਕਾਲੀ ਬਾਬਾ ਫੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਦੂਜੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਲਹਿਰ ਉਲੀਕੀ ਗਈ ਸੀ ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਹੁਣ ਵੀ ਬੁੱਢਾ ਦਲ ਗੁਰੂ ਤੇਗ਼ ਬਹਾਦਰ, ਭਾਈ ਦਿਆਲਾ, ਭਾਈ ਸਤੀ ਦਾਸ, ਭਾਈ ਮਤੀ ਦਾਸ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਆ ਰਹੀਆਂ ਹੋਰ ਸ਼ਤਾਬਦੀਆਂ ਨੂੰ ਸਮਰਪਿਤ ਧਰਮ ਪ੍ਰਚਾਰ ਦੀ ਲਹਿਰ ਚਲਾਈ ਜਾਵੇਗੀ। -ਪੱਤਰ ਪ੍ਰੇਰਕ
ਦਾਸ ਅਸੋਸੀਏਟਸ ਮੁੱਲਾਂਪੁਰ ਗਰੀਬਦਾਸ ਵੱਲੋਂ ਖੂਨਦਾਨ ਕੈਂਪ
ਮੁੱਲਾਂਪੁਰ ਗਰੀਬਦਾਸ: ਦਾਸ ਅਸੋਸੀਏਟਸ ਮੁੱਲਾਂਪੁਰ ਗਰੀਬਦਾਸ ਵੱਲੋਂ ਅੱਜ ਖੂਨਦਾਨ ਕੈਂਪ ਲਗਾਇਆ ਗਿਆ। ਅਸੋਸੀਏਟਸ ਦੇ ਸੰਚਾਲਕ ਸਾਬਕਾ ਪਹਿਲਵਾਨ ਰਵੀ ਸ਼ਰਮਾ ਸਣੇ ਸ਼ੇਰ ਸਿੰਘ ਮੱਲ, ਭਾਜਪਾ ਆਗੂ ਅਰਵਿੰਦਪੁਰੀ, ਸਰਪੰਚ ਜਤਿੰਦਰ ਸਿੰਘ ਧਾਲੀਵਾਲ, ਵਰਿੰਦਰਪਾਲ ਕੌਰ, ਹਰਪ੍ਰੀਤ ਕੌਰ, ਤੇਜਪਾਲ ਸਿੰਘ ਤੇ ਅਨੂ ਸ਼ਰਮਾ ਨੇ ਕੈਂਪ ਦਾ ਉਦਘਾਟਨ ਕੀਤਾ। ਪੀਜੀਆਈ ਚੰਡੀਗੜ੍ਹ ਤੋਂ ਆਈ ਡਾਕਟਰ ਏਕਤਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਟੀਮ ਨੇ 38 ਯੂਨਿਟ ਖੂਨ ਇਕੱਤਰ ਕੀਤਾ। ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਹੇਮੰਤਪੁਰੀ ਮੁੱਲਾਂਪੁਰ ਗਰੀਬਦਾਸ ਵੱਲੋਂ 104ਵੀਂ ਵਾਰ ਖੂਨਦਾਨ ਕੀਤਾ ਗਿਆ। ਰਵੀ ਸ਼ਰਮਾ ਵੱਲੋਂ ਡਾਕਟਰਾਂ ਦੀ ਟੀਮ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ। -ਪੱਤਰ ਪ੍ਰੇਰਕ
ਵੇਰਕਾ ਮਿਲਕ ਪਲਾਂਟ ਦੇ ਮੁਲਾਜ਼ਮਾਂ ਨੇ ਯੋਗ ਕੀਤਾ
ਚੰਡੀਗੜ੍ਹ: 11ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਵੇਰਕਾ ਮਿਲਕ ਪਲਾਂਟ ਚੰਡੀਗੜ੍ਹ ਵਿੱਚ ਯੋਗ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਸੰਜੀਵ ਕੁਮਾਰ ਸ਼ਰਮਾ ਅਤੇ ਹੋਰਨਾ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਪਲਾਂਟ ਦੇ ਜਨਰਲ ਮੈਨੇਜਰ ਸੰਜੀਵ ਕੁਮਾਰ ਨੇ ਸਾਰੇ ਕਾਮਿਆਂ ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ਯੋਗਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੋਗਾ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਰੱਖਦਾ ਹੈ। -ਟ੍ਰਿਬਿਊਨ ਨਿਊਜ਼ ਸਰਵਿਸ
Advertisement