ਐੱਨਏਪੀਏ ਵੱਲੋਂ ਸਿੱਖਾਂ ਵਾਸਤੇ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਣ ਦੀ ਅਪੀਲ
NAPA urges immediate reopening of Kartarpur Sahib Corridor for Sikhs
ਚੰਡੀਗੜ੍ਹ, 14 ਜੂਨ
ਉੱਤਰ ਅਮਰੀਕੀ ਪੰਜਾਬੀ ਐਸੋਸੀਏਸ਼ਨ (North American Punjabi Association - NAPA) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਭਾਰਤ ਸਰਕਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ ਹੈ ਤਾਂ ਕਿ ਭਾਰਤ ਦੇ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਵਿੱਚ ਦਰਬਾਰ ਸਾਹਿਬ ਗੁਰਦੁਆਰੇ ਜਾ ਸਕਣ, ਜੋ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ।
ਚਾਹਲ ਨੇ ਕਿਹਾ ਕਿ ਪਾਕਿਸਤਾਨ ਨੇ ਲਾਂਘੇ ਦੇ ਆਪਣੇ ਹਿੱਸੇ ਨੂੰ ਖੁੱਲ੍ਹਾ ਰੱਖਿਆ ਹੈ। ਇਸ ਦੇ ਉਲਟ ਭਾਰਤ ਦੇ ਲਾਂਘੇ ਦਾ ਹਿੱਸਾ ਬੰਦ ਹੋਣ ਦੇ ਕਾਰਨ ਦੇਸ਼ ਦੇ ਲੱਖਾਂ ਸਿੱਖ ਨਿਰਾਸ਼ ਹਨ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਲਾਂਘਾ ਇੱਕ ਇਤਿਹਾਸਕ ਮੀਲ ਦਾ ਪੱਥਰ ਹੈ ਜੋ ਸ਼ਾਂਤੀ ਅਤੇ ਸਿੱਖਾਂ ਦੇ ਅਧਿਆਤਮਕ ਅਧਿਕਾਰਾਂ ਦਾ ਪ੍ਰਤੀਕ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਿਆਸੀ ਜਾਂ ਪ੍ਰਸ਼ਾਸਨਿਕ ਕਾਰਨਾਂ ਕਰ ਕੇ ਲਾਂਘੇ ਦੇ ਬੰਦ ਹੋਣ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਭਾਰਤ ਸਰਕਾਰ ਨੂੰ ਰਾਜਨੀਤਿਕ ਵਿਚਾਰਾਂ ਤੋਂ ਉੱਠ ਕੇ ਸਿੱਖਾਂ ਦੀਆਂ ਭਾਵਨਾਤਮਕ ਅਤੇ ਧਾਰਮਿਕ ਜ਼ਰੂਰਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ।
ਚਾਹਲ ਨੇ ਕਿਹਾ ਕਿ ਐੱਨਏਪੀਏ ਉਮੀਦ ਕਰਦਾ ਹੈ ਕਿ ਭਾਰਤ ਸਰਕਾਰ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਤੱਕ ਪਹੁੰਚ ਬਹਾਲ ਕਰਨ ਦੇ ਲਈ ਹਾਂਪੱਖੀ ਕਾਰਵਾਈ ਕਰੇਗੀ। - ਪੀਟੀਆਈ