ਪਟਨਾ ਤੋਂ ਆਰੰਭ ਹੋਇਆ ਨਗਰ ਕੀਰਤਨ ਫ਼ਤਹਿਗੜ੍ਹ ਸਾਹਿਬ ਪੁੱਜਿਆ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਨਗਰ ਕੀਰਤਨ 36ਵੇਂ ਦਿਨ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਦਾਖ਼ਲ ਹੋ ਗਿਆ। ਇਹ ਯਾਤਰਾ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਕੀਤੀ ਜਾ ਰਹੀ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਨਗਰ ਕੀਰਤਨ 36ਵੇਂ ਦਿਨ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਦਾਖ਼ਲ ਹੋ ਗਿਆ। ਇਹ ਯਾਤਰਾ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ, ਜਿਸ ਦਾ ਮਕਸਦ ਗੁਰੂ ਤੇਗ ਬਹਾਦਰ ਜੀ ਦੇ ਆਸਥਾ, ਏਕਤਾ ਤੇ ਭਾਈਚਾਰੇ ਦੀ ਭਾਵਨਾ ਦੇ ਅਮਰ ਸੰਦੇਸ਼ ਨੂੰ ਦੇਸ਼ ਭਰ ਵਿੱਚ ਪ੍ਰਸਾਰਿਤ ਕਰਨਾ ਹੈ। ਮੁਹਾਲੀ ਤੋਂ ਲੰਘਣ ਤੋਂ ਬਾਅਦ ਇਸ ਯਾਤਰਾ ਨੇ ਚੁੰਨੀ, ਬਡਾਲੀ, ਦੁਭੇੜਾ, ਗੁਰਦੁਆਰਾ ਜੋਤੀ ਸਰੂਪ ਸਾਹਿਬ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਪਟਿਆਲਾ ਬਾਈਪਾਸ ਅਤੇ ਸਰਹਿੰਦ ਰੋਡ ਨੂੰ ਪਾਰ ਕੀਤਾ। ਨਗਰ ਕੀਰਤਨ ਦੇ ਕਨਵੀਨਰ ਮਾਲਵਿੰਦਰ ਸਿੰਘ ਬੈਨੀਪਾਲ ਨੇ ਸ਼ਰਧਾ ਨਾਲ ਕੀਰਤਨ ਦੀ ਅਗਵਾਈ ਕੀਤੀ। ਵੱਡੀ ਗਿਣਤੀ ਵਿੱਚ ਸੰਗਤ ਨੇ ਇਸ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਗਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਦਿਖਾਏ। ਹੁਣ ਤੱਕ ਇਹ ਯਾਤਰਾ 9 ਰਾਜਾਂ ਬਿਹਾਰ, ਝਾਰਖੰਡ, ਪੱਛਮ ਬੰਗਾਲ, ਉੜੀਸਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਹੁਣ ਪੰਜਾਬ ਵਿਚ ਪਹੁੰਚੀ ਹੈ। 17 ਸਤੰਬਰ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਬਾ ਦੀਪ ਸਿੰਘ ਵਾਲੀ ਹੱਥ ਲਿਖਤ ਬੀੜ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਅਤੇ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਲਈ ਪੰਜ ਪਿਆਰਿਆਂ ਦੀ ਅਗਵਾਈ ਅਤੇ ਗਿਆਨੀ ਚਰਨਜੀਤ ਸਿੰਘ ਹੈੱਡ ਗ੍ਰੰਥੀ ਪਟਨਾ ਸਾਹਿਬ, ਭਾਈ ਨਰਾਇਣ ਸਿੰਘ, ਭਾਈ ਪਪਿੰਦਰ ਸਿੰਘ, ਦਲਜੀਤ ਸਿੰਘ ਸੁਪਰਡੈਂਟ ਦੀ ਦੇਖ-ਰੇਖ ਹੇਠ ਬੀਤੀ ਸ਼ਾਮ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਪੁੱਜਿਆ। ਬੀਤੀ ਸ਼ਾਮ ਤੋਂ ਅੱਜ ਸਵੇਰ ਤੱਕ ਵੱਡੀ ਗਿਣਤੀ ਸੰਗਤ ਨੇ ਗੁਰਦੁਆਰੇ ਵਿੱਚ ਪਹੁੰਚ ਕੇ ਸਬੰਧਤ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਅੱਜ ਸਵੇਰੇ ਅੱਠ ਵਜੇ ਅਰਦਾਸ ਉਪਰੰਤ ਨਗਰ ਕੀਰਤਨ ਰਵਾਨਾ ਹੋਇਆ। ਇਸ ਮੌਕੇ ਸੰਤ ਪਰਮਜੀਤ ਸਿੰਘ ਹੰਸਾਲੀ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਹਰਜਿੰਦਰ ਕੌਰ ਚੰਡੀਗੜ੍ਹ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਮਾਲਵਿੰਦਰ ਸਿੰਘ ਬੈਨੀਪਾਲ ਆਦਿ ਹਾਜ਼ਰ ਸਨ। ਇਸ ਮਗਰੋਂ ਗੁਰਦੁਆਰਾ ਅਕਾਲ ਆਸ਼ਰਮ ਸਾਹਿਬ ਵਿਖੇ ਭਾਈ ਦਵਿੰਦਰ ਸਿੰਘ ਦੀ ਅਗਵਾਈ ਹੇਠ, ਮਗਰੋਂ ਸੈਕਟਰ 91 ਵਿਚ ਸਟੇਟ ਐਵਾਰਡੀ ਫੂਲਰਾਜ ਸਿੰਘ ਦੀ ਅਗਵਾਈ ਹੇਠ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਪਿੰਡ ਸਵਾੜਾ ਵਿੱਚ ਭਾਜਪਾ ਆਗੂ ਰਣਜੀਤ ਸਿੰਘ ਗਿੱਲ, ਵਿਕਰਮ ਸਿੰਘ ਸੋਢੀ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਇਆ।

