ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 28 ਦਸੰਬਰ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਅਰਦਾਸ ਉਪਰੰਤ ਵਰ੍ਹਦੇ ਮੀਂਹ ਵਿੱਚ ਸਵੇਰੇ 11 ਵਜੇ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਸ਼ੁਰੂ ਹੋਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਵਿੱਚ ਫੌਜੀ ਬੈਂਡ ਅਤੇ ਹੋਰ ਕਈ ਤਰ੍ਹਾਂ ਦੇ ਬੈਂਡ ਸ਼ਾਮਲ ਸਨ। ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ। ਰਾਹ ਵਿੱਚ ਥਾਂ-ਥਾਂ ’ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਬ੍ਰੈੱਡ ਪਕੌੜਿਆਂ, ਬਿਸਕੁਟ, ਦੁੱਧ, ਕੜਾਹ ਪ੍ਰਸਾਦਿ ਦੇ ਲੰਗਰ ਲਾਏ ਗਏ। ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ ਇਲਾਕੇ ਦੀ ਸੰਗਤ ਨੇ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਜੀਪਾਂ, ਟਰੈਕਟਰਾਂ, ਬੱਸਾਂ ਰਾਹੀਂ ਸ਼ਮੂਲੀਅਤ ਕੀਤੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਮਲੀਨ ਬ੍ਰਹਮ-ਗਿਆਨੀ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਹਰ ਸਾਲ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਲਈ ਸੋਹਾਣਾ ਤੋਂ ਨਗਰ ਕੀਰਤਨ ਸਜਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 31 ਦਸੰਬਰ ਨੂੰ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਸਵੇਰੇ 10 ਤੋਂ ਲੈ ਕੇ ਰਾਤ 12 ਵਜੇ ਤੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਚੰਦੂਮਾਜਰਾ ਤੇ ਵਿਧਾਇਕ ਕੁਲਵੰਤ ਸਿੰਘ ਨੇ ਲੰਗਰ ’ਚ ਸੇਵਾ ਕੀਤੀ
ਐੱਸਏਐੱਸ ਨਗਰ ,ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦੀ ਅਗਵਾਈ ਹੇਠ ਸ਼ਹਿਰ ਦੀ ਸੰਗਤ ਵੱਲੋਂ ਇੱਥੋਂ ਦੇ ਫੇਜ਼-3ਏ ਸਥਿਤ ਪੈਟਰੋਲ ਪੰਪ ਨੇੜੇ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦੇ, ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ‘ਆਪ’ ਦੇ ਵਿਧਾਇਕ ਕੁਲਵੰਤ ਸਿੰਘ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਲੰਗਰ ਵਿੱਚ ਸੇਵਾ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਬਾਰਸ਼ ਦੇ ਮੌਸਮ ਵਿੱਚ ਸੰਗਤ ਦੀ ਭਾਵਨਾ ਦੇਖ ਕੇ ਮਨ ਨੂੰ ਬੜਾ ਸਕੂਨ ਮਿਲਿਆ ਹੈ। ਇਸ ਮੌਕੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਦੱਸਿਆ ਕਿ ਲੰਗਰ ਦਾ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਸਿੱਖਿਆ ਬੋਰਡ ਮੁਲਾਜ਼ਮ ਜਥੇਬੰਦੀ ਦੇ ਆਗੂ ਪ੍ਰਭਦੀਪ ਸਿੰਘ ਬੋਪਾਰਾਏ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸਜੀਪੀਸੀ ਦੇ ਸਾਬਕਾ ਮੈਂਬਰ ਹਰਭਜਨ ਸਿੰਘ ਸ਼ੇਰਗਿੱਲ, ਸਿਮਰਨਜੀਤ ਸਿੰਘ ਚੰਦੂਮਾਜਰਾ, ਹਰਦੇਵ ਸਿੰਘ ਹਰਪਾਲਪੁਰ, ‘ਆਪ’ ਵਾਲੰਟੀਅਰ ਹਰਮੇਸ਼ ਸਿੰਘ ਕੁੰਭੜਾ ਹਾਜ਼ਰ ਸਨ।
ਸ਼ਹੀਦੀ ਸਭਾ ਮੌਕੇ ਦੁੱਧ ਅਤੇ ਪੁਲਾਓ ਦਾ ਲੰਗਰ ਲਗਾਇਆ
ਅਮਲੋਹ (ਪੱਤਰ ਪ੍ਰੇਰਕ): ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ, ਬਾਬਾ ਮੋਤੀ ਰਾਮ ਮਹਿਰਾ ਅਤੇ ਹੋਰ ਮਹਾਨ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਭਾ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਬਦਾਮਾਂ ਅਤੇ ਕੇਸਰ ਵਾਲੇ ਦੁੱਧ ਅਤੇ ਅਗਲੇ ਦਿਨ ਮਸ਼ਰੂਮ, ਮਟਰ, ਗੋਭੀ, ਚੌਲ ਵਾਲੇ ‘ਪੁਲਾਓ’ ਦਾ ਲੰਗਰ ਪਵਨ ਕੁਮਾਰ, ਪਰਮਜੀਤ, ਲੁਕੇਸ਼, ਪਾਵਿਸ਼ ਅਤੇ ਪ੍ਰਹੀਲ ਨੇ ਪਰਿਵਾਰ ਸਮੇਤ ਲਗਾਇਆ। ਇਸ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਮਹਿੰਦਰਪਾਲ ਲੁਟਾਵਾ, ਹੈਰੀ ਲੁਟਾਵਾ, ਰਿੰਕਲ ਅਰੋੜਾ, ਜਤਿੰਦਰ ਬਨਸਾਲ ਅਤੇ ਵਿਕੀ ਅਰੋੜਾ ਆਦਿ ਨੇ ਸ਼ਿਰਕਤ ਕੀਤੀ।