ਕੌਮੀ ਇਨਸਾਫ਼ ਮੋਰਚੇ ਦੇ ਸਮਰਥਨ ’ਚ ਆਇਆ ਮੁਸਲਮਾਨ ਭਾਈਚਾਰਾ
ਪੱਤਰ ਪ੍ਰੇਰਕ ਐੱਸਏਐੱਸ ਨਗਰ (ਮੁਹਾਲੀ), 3 ਮਈ ਮੁਸਲਮਾਨ ਭਾਈਚਾਰੇ ਨੇ ਕੌਮੀ ਇਨਸਾਫ਼ ਮੋਰਚੇ ਵੱਲੋਂ ਤਹਿਸੀਲ ਪੱਧਰ ’ਤੇ ਇਨਸਾਫ਼ ਮਾਰਚ ਕੱਢਣ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਣ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਇਸ ਸਬੰਧੀ ਪਿੰਡ ਕੁੰਭੜਾ ਦੀ ਜਾਮਾ ਮਸਜਿਦ ਵਿੱਚ...
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 3 ਮਈ
ਮੁਸਲਮਾਨ ਭਾਈਚਾਰੇ ਨੇ ਕੌਮੀ ਇਨਸਾਫ਼ ਮੋਰਚੇ ਵੱਲੋਂ ਤਹਿਸੀਲ ਪੱਧਰ ’ਤੇ ਇਨਸਾਫ਼ ਮਾਰਚ ਕੱਢਣ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਣ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਇਸ ਸਬੰਧੀ ਪਿੰਡ ਕੁੰਭੜਾ ਦੀ ਜਾਮਾ ਮਸਜਿਦ ਵਿੱਚ ਮੁਸਲਿਮ ਵਿਕਾਸ ਬੋਰਡ ਦੇ ਸਾਬਕਾ ਮੈਂਬਰ ਡਾ. ਅਨਵਰ ਹੁਸੈਨ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਮਈ ਨੂੰ ਸਵੇਰੇ 11 ਵਜੇ ਤਹਿਸੀਲ ਪੱਧਰ ’ਤੇ ਕੀਤੇ ਜਾ ਰਹੇ ਇਨਸਾਫ਼ ਮਾਰਚ ਵਿੱਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਡਾ. ਅਨਵਰ ਹੁਸੈਨ ਨੇ ਸਮੂਹ ਮੁਸਲਮਾਨ ਭਾਈਚਾਰਾ ਨੂੰ ਅਪੀਲ ਕੀਤੀ ਕਿ ਆਪੋ-ਆਪਣੇ ਇਲਾਕਿਆਂ ਦੀਆਂ ਮਸਜਿਦਾਂ ਵਿੱਚ ਅਨਾਊਂਸਮੈਂਟ ਕਰਵਾਈ ਜਾਵੇ ਕਿ ਮੁਹਾਲੀ ਜ਼ਿਲ੍ਹੇ ਵਿੱਚ ਜਿੰਨੀਆਂ ਵੀ ਤਹਿਸੀਲਾਂ ਪੈਂਦੀਆਂ ਹਨ, ਉਨ੍ਹਾਂ ਇਲਾਕਿਆਂ ਦੇ ਮੁਸਲਿਮ ਭਾਈਚਾਰੇ ਦੇ ਲੋਕ ਨੇੜਲੇ ਗੁਰਦੁਆਰਾ ਸਾਹਿਬਾਨਾਂ ਵਿੱਚ ਇਕੱਠੇ ਹੋ ਕੇ ਕੌਮੀ ਇਨਸਾਫ਼ ਮੋਰਚੇ ਦੇ ਮਾਰਚ ਵਿੱਚ ਸ਼ਾਮਲ ਹੋਣ। ਹੱਜ ਕਮੇਟੀ ਦੇ ਮੈਂਬਰ ਅਵਤਾਰ ਮਲਿਕ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਘੱਟ ਗਿਣਤੀਆਂ ਇੱਕ ਪਲੇਟਫ਼ਾਰਮ ’ਤੇ ਇਕੱਠੇ ਹੋ ਕੇ ਸਰਕਾਰ ਦੇ ਜਬਰ-ਜੁਲਮ ਖ਼ਿਲਾਫ਼ ਸਾਂਝੀ ਲੜਾਈ ਲੜਨ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਹੱਕਾਂ ਅਤੇ ਆਜ਼ਾਦੀ ਖੋਹਣ ਲਈ ਸਰਕਾਰ ਵੱਲੋਂ ਵੱਖਰੇ ਕਾਨੂੰਨ ਬਣਾਏ ਗਏ ਹਨ ਜੋ ਕਿ ਸਿਰਫ਼ ਘੱਟ ਗਿਣਤੀਆਂ ’ਤੇ ਹੀ ਇਸਤੇਮਾਲ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਵਿੱਢਣ ਦੀ ਲੋੜ ਹੈ। ਇਸ ਮੌਕੇ ਜੁਨੈਦ ਅਹਿਮਦ, ਯੂਥ ਆਗੂ ਮੁਹੰਮਦ ਮੁਸਤਫ਼ਾ, ਮੁਹੰਮਦ ਰਾਸ਼ਿਦ, ਜਾਹਿਦ ਅਹਿਮਦ, ਸਿਰਾਜ, ਵਸੀਮ ਰਾਵਲ, ਸਦੀਕ ਹੁਸੈਨ, ਮਹੰਮਦ ਵਸੀਮ, ਤਨਵੀਰ, ਮੁਹੰਮਦ ਤਨਵੀਰ ਸਨੇਟਾ ਤੋਂ ਇਲਾਵਾ ਮੁਸਲਮਾਨ ਭਾਈਚਾਰੇ ਦੇ ਵੱਡੀ ਗਿਣਤੀ ਮੈਂਬਰ ਹਾਜ਼ਰ ਸਨ।

