ਇੱਕ ਮੁਸ਼ਤ ਨਿਪਟਾਰਾ ਯੋਜਨਾ ਤਹਿਤ ਆਪਣੇ ਜਾਇਦਾਦ ਟੈਕਸ ਦੇ ਬਕਾਏ ਦਾ ਭੁਗਤਾਨ ਕਰਨ ਪ੍ਰਤੀ ਸ਼ਹਿਰੀ ਨਿਵਾਸੀਆਂ ਦੇ ਭਾਰੀ ਹੁੰਗਾਰੇ ਨੂੰ ਦੇਖਦੇ ਹੋਏ, ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਨੇ ਇੱਕ ਵਾਰ ਫਿਰ ਇੱਕ ਮੁਸ਼ਤ ਨਿਪਟਾਰਾ (ਓਟੀਐਸ) ਯੋਜਨਾ ਦੀ ਅੰਤਮ ਮਿਤੀ 31 ਅਗਸਤ ਤੱਕ ਵਧਾ ਦਿੱਤੀ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਇਸ ਯੋਜਨਾ ਤਹਿਤ, ਸ਼ਹਿਰ ਨਿਵਾਸੀ ਬਿਨਾਂ ਕਿਸੇ ਜੁਰਮਾਨੇ ਜਾਂ ਵਿਆਜ ਦੇ ਆਪਣੇ ਬਕਾਇਆ ਜਾਇਦਾਦ ਟੈਕਸ ਦਾ ਭੁਗਤਾਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਸਥਾਨਕ ਸੰਸਥਾਵਾਂ ਨੇ 1 ਜੁਲਾਈ ਤੋਂ 15 ਅਗਸਤ ਵਿਚਕਾਰ 24.82 ਕਰੋੜ ਰੁਪਏ ਇਕੱਠੇ ਕਰਕੇ ਸ਼ਾਨਦਾਰ ਪ੍ਰਗਤੀ ਦਰਜ ਕੀਤੀ ਹੈ।
ਡੀਸੀ ਨੇ ਦੱਸਿਆ ਕਿ ਨਗਰ ਕੌਂਸਲ ਜ਼ੀਰਕਪੁਰ ਨੇ 15.47 ਕਰੋੜ ਰੁਪਏ ਦੇ ਨਾਲ ਸਭ ਤੋਂ ਵੱਧ ਯੋਗਦਾਨ ਪਾਇਆ ਹੈ, ਉਸ ਤੋਂ ਬਾਅਦ ਖਰੜ ਨੇ 4.26 ਕਰੋੜ ਰੁਪਏ ਅਤੇ ਡੇਰਾਬੱਸੀ ਨੇ 2.39 ਕਰੋੜ ਰੁਪਏ ਦੇ ਨਾਲ ਬਕਾਇਆ ਵਸੂਲੀ ਕੀਤੀ ਹੈ। ਹੋਰ ਨਗਰ ਕੌਂਸਲਾਂ ਵਿੱਚ ਲਾਲੜੂ ਨੇ 1.03 ਕਰੋੜ ਰੁਪਏ, ਕੁਰਾਲੀ ਨੇ 62 ਲੱਖ ਰੁਪਏ, ਨਵਾਂ ਗਾਉਂ ਨੇ 60 ਲੱਖ ਰੁਪਏ ਅਤੇ ਬਨੂੜ ਨੇ 44 ਲੱਖ ਰੁਪਏ ਦੇ ਬਕਾਏ ਵਸੂਲੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਜਾਇਦਾਦ ਟੈਕਸ ਨਾ ਭਰਨ ਵਾਲੇ ਜਾਇਦਾਦ ਮਾਲਕਾਂ ਦੀਆਂ ਸੂਚੀਆਂ ਪਹਿਲਾਂ ਹੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ, ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਇਸ ਸਕੀਮ ਤਹਿਤ ਸਮੇਂ ਸਿਰ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ, ਉਨ੍ਹਾਂ ਨਾਲ ਵਿਅਕਤੀਗਤ ਤੌਰ ’ਤੇ ਸੰਪਰਕ ਕਰ ਰਹੀਆਂ ਹਨ।