ਨਿਗਮ ਵੱਲੋਂ ਪਾਰਕਿੰਗ ਚੁਣੌਤੀਆਂ ਦੇ ਹੱਲ ਦੀ ਕਵਾਇਦ
ਕੁਲਦੀਪ ਸਿੰਘ
ਚੰਡੀਗੜ੍ਹ, 24 ਜੂਨ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸ਼ਹਿਰੀ ਗਤੀਸ਼ੀਲਤਾ ਅਤੇ ਪਾਰਕਿੰਗ ਦ੍ਰਿਸ਼ ਨੂੰ ਬਦਲਣ ਲਈ ਇੱਕ ਵੱਡੇ ਕਦਮ ਵਜੋਂ ਨਗਰ ਨਿਗਮ ਦੀ ਪਾਰਕਿੰਗ ਕਮੇਟੀ ਨੇ ਅੱਜ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਪ੍ਰਧਾਨਗੀ ਹੇਠ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਜਿਸ ਵਿੱਚ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ ਵੀ ਸਬ-ਕਮੇਟੀ ਦੇ ਮੈਂਬਰਾਂ ਵਜੋਂ ਸ਼ਾਮਲ ਹੋਏ।
ਮੀਟਿੰਗ ਵਿੱਚ ਸਬ-ਕਮੇਟੀ ਦੇ ਚੇਅਰਮੈਨ ਸੌਰਭ ਜੋਸ਼ੀ, ਜਸਵਿੰਦਰ ਕੌਰ, ਉਮੇਸ਼ ਘਈ, ਦਿਲੀਪ ਸ਼ਰਮਾ, ਰਾਜਿੰਦਰ ਸ਼ਰਮਾ, ਦਰਸ਼ਨਾ, ਅਨਿਲ ਮਸੀਹ, ਮਨੌਰ, ਅੰਜੂ ਕਤਿਆਲ, ਲਖਬੀਰ ਸਿੰਘ, ਸਰਬਜੀਤ ਕੌਰ, ਗੁਰਪ੍ਰੀਤ ਸਿੰਘ ਗਾਬੀ, ਧਰਮਿੰਦਰ ਸਿੰਘ, ਜਸਮਨਪ੍ਰੀਤ ਸਿੰਘ, ਡਾ. ਰਮਣੀਕ ਬੇਦੀ, ਪ੍ਰੇਮ ਲਤਾ, ਯੋਗੇਸ਼ ਢੀਂਗਰਾ ਵੀ ਸ਼ਾਮਲ ਹੋਏ। ਕੰਵਰਜੀਤ ਸਿੰਘ, ਦਮਨਪ੍ਰੀਤ ਸਿੰਘ, ਮਹਿੰਦਰ ਕੌਰ, ਸਚਿਨ ਗਾਲਵ, ਮਹੇਸ਼ ਇੰਦਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਸਬੰਧਿਤ ਅਧਿਕਾਰੀ ਵੀ ਹਾਜ਼ਰ ਸਨ।
ਕਮੇਟੀ ਨੇ ਚੰਡੀਗੜ੍ਹ ਦੇ 89 ਮੁੱਖ ਸਥਾਨਾਂ ’ਤੇ ਇੱਕ ਸਮਾਰਟ ਏਆਈ-ਅਧਾਰਿਤ ਪਾਰਕਿੰਗ ਪ੍ਰਾਜੈਕਟ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ। ਇਸ ਅਗਾਂਹਵਧੂ ਪਹਿਲ ਦਾ ਉਦੇਸ਼ ਵਧਦੀਆਂ ਪਾਰਕਿੰਗ ਚੁਣੌਤੀਆਂ ਨੂੰ ਹੱਲ ਕਰਨਾ, ਟ੍ਰੈਫਿਕ ਭੀੜ ਨੂੰ ਘਟਾਉਣਾ ਅਤੇ ਅਤਿ-ਆਧੁਨਿਕ ਤਕਨਾਲੋਜੀ ਰਾਹੀਂ ਇੱਕ ਸਹਿਜ ਅਤੇ ਨਾਗਰਿਕ-ਕੇਂਦ੍ਰਿਤ ਪਾਰਕਿੰਗ ਅਨੁਭਵ ਪ੍ਰਦਾਨ ਕਰਨਾ ਹੈ। ਮੀਟਿੰਗ ਦੌਰਾਨ ਪ੍ਰਸਤਾਵਿਤ ਸਮਾਰਟ ਪਾਰਕਿੰਗ ਸਿਸਟਮ ਦੀਆਂ ਮੁੱਖ ਗੱਲਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਜਿਨ੍ਹਾਂ ਵਿੱਚ ਏ.ਆਈ.-ਯੋਗ ਪਾਰਕਿੰਗ ਪ੍ਰਬੰਧਨ ਅਤੇ ਨਿਗਰਾਨੀ, ਆਟੋਮੈਟਿਕ ਨੰਬਰ ਪਲੇਟ ਦੀ ਪਹਿਚਾਣ, ਰੀਅਲ-ਟਾਈਮ ਸਪੇਸ ਉਪਲਬਧਤਾ ਟਰੈਕਿੰਗ, ਗਤੀਸ਼ੀਲ ਕੀਮਤ ਅਤੇ ਮੰਗ-ਅਧਾਰਿਤ ਸਲਾਟ ਵੰਡ, ਸੁਵਿਧਾ ਲਈ ਪ੍ਰੀ-ਬੁਕਿੰਗ ਵਿਕਲਪ, ਮੋਬਾਈਲ ਐਪ ਅਤੇ ਡਿਜ਼ੀਟਲ ਡਿਸਪਲੇਅ ਰਾਹੀਂ ਲਾਈਵ ਸਥਿਤੀ ਅੱਪਡੇਟ, ਏਕੀਕ੍ਰਿਤ ਡਿਜੀਟਲ ਭੁਗਤਾਨ ਹੱਲ, ਸੈਂਟਰਲਾਈਜ਼ਡ ਕਮਾਂਡ ਅਤੇ ਕੰਟਰੋਲ ਸੈਂਟਰ, ਔਰਤਾਂ ਦੀ ਸੁਰੱਖਿਆ ਲਈ ‘ਪਿੰਕ ਪੈਰੀਫੇਰੀ ਜ਼ੋਨ’, ਅਪਾਹਜ ਵਿਅਕਤੀਆਂ ਲਈ ਸਮਰਪਿਤ ਥਾਵਾਂ, ਕਈ ਥਾਵਾਂ ’ਤੇ ਈ.ਵੀ. ਚਾਰਜਿੰਗ ਸਟੇਸ਼ਨ, ਚੋਣਵੇਂ ਸਥਾਨਾਂ ’ਤੇ ਵੈਲੇਟ ਪਾਰਕਿੰਗ ਸੇਵਾਵਾਂ ਆਦਿ ਉਤੇ ਚਰਚਾ ਕੀਤੀ ਗਈ।ਕਮੇਟੀ ਨੇ ਜਨਤਕ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਪ੍ਰੋਜੈਕਟ ਨੂੰ ਹੋਰ ਸੁਧਾਰਨ ਲਈ ਸਾਰੇ ਕੌਂਸਲਰਾਂ ਤੋਂ ਸੁਝਾਅ ਵੀ ਮੰਗੇ।ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਸਮਾਰਟ ਪਾਰਕਿੰਗ ਪ੍ਰਾਜੈਕਟ ਦਾ ਫਾਈਨਲ ਖਰੜਾ ਅੰਤਿਮ ਪ੍ਰਵਾਨਗੀ ਲਈ ਆਉਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਪ੍ਰਾਜੈਕਟ ਚੰਡੀਗੜ੍ਹ ਦੇ ਸਮਾਰਟ, ਟਿਕਾਊ ਅਤੇ ਸੁਰੱਖਿਅਤ ਸ਼ਹਿਰੀ ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ।