ਸਟਰਾਅਬੇਰੀ ਫੀਲਡਜ਼ ’ਚ ਉਤਸ਼ਾਹ ਨਾਲ ਸੰਪੰਨ ਹੋਈ ਐੱਮਯੂਐੱਨ
ਇੱਥੋਂ ਦੇ ਸਟਰਾਅਬੇਰੀ ਫੀਲਡਜ਼ ਹਾਈ ਸਕੂਲ, ਸੈਕਟਰ 26 ਵਿੱਚ ਮਾਡਲ ਯੂਨਾਈਟਿਡ ਨੇਸ਼ਨਜ਼ (ਐਮਯੂਐਨ) ਕਰਵਾਈ ਗਈ ਜਿਸ ਵਿਚ ਦੇਸ਼ ਭਰ ਦੇ ਵਿਦਿਆਰਥੀਆਂ ਨੇ ਬਹਿਸ ਮੁਕਾਬਲਿਆਂ ਵਿਚ ਹਿੱਸਾ ਲਿਆ ਤੇ ਆਲੋਚਨਾਤਮਕ ਸੋਚ ਅਤੇ ਨੀਤੀ ਆਧਾਰਿਤ ਸੰਵਾਦ ਰਚਾਇਆ।
ਇਹ ਸਮਾਗਮ ਤਿੰਨ ਦਿਨ ਕਰਵਾਇਆ ਗਿਆ ਜਿਸ ਵਿਚ ਡੈਲੀਗੇਟਾਂ ਨੇ ਵਿਚਾਰ-ਵਟਾਂਦਰਾ ਕਰਦਿਆਂ ਮਤੇ ਤਿਆਰ ਕੀਤੇ ਅਤੇ ਅੰਤਰਰਾਸ਼ਟਰੀ ਕੂਟਨੀਤੀ ਅਤੇ ਕਾਨੂੰਨੀ ਪ੍ਰਣਾਲੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਸ਼ਾਨਦਾਰ ਪੇਸ਼ਕਾਰੀ ਦੇਣ ਵਾਲਿਆਂ ਨੂੰ ਵਿਸ਼ੇਸ਼ ਪੁਰਸਕਾਰ, ਪ੍ਰਸ਼ੰਸਾ ਪੱਤਰ ਅਤੇ ਸਰਵੋਤਮ ਡੈਲੀਗੇਟਾਂ ਨੂੰ ਪੁਰਸਕਾਰ ਵੀ ਦਿੱਤੇ ਗਏ। ਇਸ ਮੌਕੇ 143 ਸਾਲ ਪੁਰਾਣੇ ਟ੍ਰਿਬਿਊਨ ਗਰੁੱਪ ਆਫ਼ ਪਬਲੀਕੇਸ਼ਨਜ਼ ਦੀ ਪਹਿਲੀ ਮਹਿਲਾ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਨੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਮੀਡੀਆ ਵਿੱਚ ਆਪਣੇ ਚਾਰ ਦਹਾਕੇ ਦੇ ਕਰੀਅਰ ਬਾਰੇ ਗੱਲਬਾਤ ਕੀਤੀ। ਉਨ੍ਹਾਂ ਅਜੋਕੇ ਸਮੇਂ ਪੱਤਰਕਾਰੀ ਦੀ ਭੂਮਿਕਾ ਬਾਰੇ ਦੱਸਿਆ ਤੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ਵ ਨਾਲ ਆਲੋਚਨਾਤਮਕ ਅਤੇ ਨੈਤਿਕ ਤੌਰ ’ਤੇ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਰਿਪੋਰਟਿੰਗ ਤੇ ਖਬਰਾਂ ਲਿਖਣ ਦੇ ਨਿਯਮ ਸਮਝਾਏ। ਉਨ੍ਹਾਂ ਦੱਸਿਆ ਕਿ ਖਬਰ ਲਿਖਣ ਲਈ ਪੰਜ ਡਬਲਿਊ ਅਹਿਮ ਹਨ ਤੇ ਇਹ ਪੰਜ ਡਬਲਿਊ ਖਬਰ ਦੀ ਮੁੱਢਲੀ ਬਣਤਰ ਵਿਚ ਆਉਣੇ ਚਾਹੀਦੇ ਹਨ ਜਿਵੇਂ ਕੌਣ, ਕੀ, ਕਿੱਥੇ, ਕਦੋਂ ਤੇ ਕਿਉਂ ਵਾਪਰਿਆ। ਇਸ ਮੌਕੇ ਵਿਦਿਆਰਥੀ ਤੇ ਡੈਲੀਗੇਟ ਰੁਦਰ ਅਹੂਜਾ ਨੇ ਐਮਯੂਐਨ ਦੀ ਮਹੱਤਤਾ ਬਾਰੇ ਦੱਸਿਆ। ਉਸ ਨੇ ਇਕ ਕਮੇਟੀ ਵਿੱਚ ਅਰਜਨਟੀਨਾ ਦੀ ਨੁਮਾਇੰਦਗੀ ਕੀਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਅਤੁਲ ਖੰਨਾ ਨੇ ਧੰਨਵਾਦ ਕੀਤਾ।