ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਮੁੱਲਾਂਪੁਰ ਵਾਸੀਆਂ ਵੱਲੋਂ ਨਾਅਰੇਬਾਜ਼ੀ
ਪਾਵਰਕੌਮ ਦੇ ਗਰਿੱਡ ਮੁੱਲਾਂਪੁਰ ਗ਼ਰੀਬਦਾਸ ਅਤੇ ਸੂੰਕ ਤੋਂ ਇਲਾਕੇ ਦੇ ਕਰੀਬ 25 ਪਿੰਡਾਂ ਸਮੇਤ ਨਗਰ ਕੌਂਸਲ ਨਵਾਂ ਗਰਾਉਂ ਦੇ ਵਸਨੀਕ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਹਨ। ਪਿੰਡ ਮਸਤਗੜ੍ਹ, ਮਿਲਖ, ਤੋਗਾਂ, ਸਿੰਗਾਰੀਵਾਲ, ਮੁੱਲਾਂਪੁਰ ਗ਼ਰੀਬਦਾਸ ਸਮੇਤ ਪੜਛ, ਨਾਡਾ, ਬਿਗੰਡੀ, ਕਰੌਂਦੇਵਾਲ, ਸੂੰਂਕ, ਗੁੜਾ, ਕਸੌਲੀ ਆਦਿ ਪਿੰਡਾਂ ਦੇ ਵਸਨੀਕਾਂ ਨੇ ਮੁੱਲਾਂਪੁਰ ਗ਼ਰੀਬਦਾਸ ਵਿੱਚ ਗਰਿੱਡ ਦੇ ਦਫ਼ਤਰ ਅੱਗੇ ਅੱਜ ਪਾਵਰਕੌਮ ਖਿਲਾਫ਼ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਲੋਕਾਂ ਅਨੁਸਾਰ ਬਿਜਲੀ ਵਿਭਾਗ ਵੱਲੋਂ ਦਿਨ-ਰਾਤ ਲੰਮੇ ਲੰਮੇ ਕੱਟ ਲਗਾਏ ਜਾ ਰਹੇ ਹਨ। ਲੋਕਾਂ ਅਨੁਸਾਰ ਬਿਜਲੀ ਦਫ਼ਤਰਾਂ ਵਿੱਚ ਬੈਠੇ ਕਰਮਚਾਰੀਆਂ ਵੱਲੋਂ ਬਿਜਲੀ ਆਉਣ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਦਾ। ਇਲਾਕੇ ਵਿੱਚ ਕਈ ਦੁਕਾਨਦਾਰਾਂ ਦਾ ਕੰਮ ਹੀ ਬਿਜਲੀ ਦੇ ਆਉਣ ਉਤੇ ਹੀ ਨਿਰਭਰ ਹੈ, ਜਦੋਂ ਬਿਜਲੀ ਨਹੀਂ ਆਉਂਦੀ ਤਾਂ ਸਾਰੇ ਕਾਰੋਬਾਰ ਠੱਪ ਹੋ ਜਾਂਦੇ ਹਨ। ਇਨਵਰਟਰ ਵੀ ਜਵਾਬ ਦੇ ਜਾਂਦੇ ਹਨ। ਇੱਥੇ ਦੱਸਣਯੋਗ ਹੈ ਕਿ ਘਰੇਲੂ ਪਾਣੀ ਵਾਲੇ ਟਿਊਬਵੈਲਾਂ ਉਤੇ ਕੋਈ ਜੈਨਰੇਟਰਾਂ ਦਾ ਪ੍ਰਬੰਧ ਨਾ ਹੋਣ ਕਰਕੇ ਬਿਜਲੀ ਹੋਣ ਮਗਰੋਂ ਹੀ ਪਾਣੀ ਦੀ ਸਪਲਾਈ ਹੁੰਦੀ ਹੈ। ਲੋਕਾਂ ਦੀ ਮੰਗ ਹੈ ਕਿ ਆਮ ਆਦਮੀ ਪਾਰਟੀ ਪੁਰਾਤਨ ਸਮੇਂ ਦੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ਉਤੇ ਹੀ ਨਾ ਚੱਲੇ ਸਗੋਂ ਲੋਕਾਂ ਨਾਲ ਕੀਤੇ ਬਿਜਲੀ ਸਬੰਧੀ ਵਾਅਦਿਆਂ ਨੂੰ ਪੂਰਾ ਕਰਦਿਆਂ ਬਿਜਲੀ ਦੀ ਸਪਲਾਈ ਨੂੰ ਨਿਰੰਤਰ ਕੀਤਾ ਜਾਵੇ। ਦੂਜੇ ਪਾਸੇ ਐਸ ਡੀ ਉ ਸੰਦੀਪ ਅਨੁਸਾਰ ਬਿਜਲੀ ਦੇ ਖੰਬੇ ਅਤੇ ਤਾਰਾਂ ਆਦਿ ਡਿੱਗ ਗਏ ਸਨ ਜਿਨਾਂ ਨੂੰ ਠੀਕ ਕਰਵਾ ਕੇ ਜਲਦੀ ਹੀ ਬਿਜਲੀ ਦੀ ਸਪਲਾਈ ਨਿਰੰਤਰ ਕੀਤੀ ਜਾ ਰਹੀ ਹੈ।