ਮੁਬਾਰਕਪੁਰ ਰੇਲਵੇ ਅੰਡਰਪਾਸ ਵਿੱਚ ਪਾਣੀ ਭਰਿਆ
ਹਰਜੀਤ ਸਿੰਘ
ਡੇਰਾਬੱਸ, 30 ਜੂਨ
ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਉਸਾਰੇ ਮੁਬਾਰਕਪੁਰ ਰੇਲਵੇ ਅੰਡਰਪਾਸ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਇੱਥੇ ਪਾਣੀ ਭਰ ਗਿਆ ਹੈ। ਰਾਹਗੀਰ ਜਾਨ ਨੂੰ ਜ਼ੋਖ਼ਮ ਵਿੱਚ ਪਾ ਕੇ ਅੰਡਰਪਾਸ ਵਿੱਚ ਭਰੇ ਪਾਣੀ ਵਿੱਚੋਂ ਲੰਘ ਰਹੇ ਹਨ। ਇਸ ਕਾਰਨ ਇੱਥੇ ਹਾਦਸੇ ਦਾ ਖ਼ਦਸ਼ਾ ਬਣਿਆ ਹੋਇਆ ਹੈ। ਲੰਘੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਕਰੀਬਨ ਡੇਢ ਕਰੋੜ ਰੁਪਏ ਖ਼ਰਚ ਕਰ ਕੇ ਇਸ ਰੇਲਵੇ ਅੰਡਰਪਾਸ ਦੀ ਨੁਹਾਰ ਬਦਲੀ ਗਈ ਸੀ ਜਿਸ ਦੌਰਾਨ ਇੱਥੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਇਲਾਕੇ ਵਿੱਚ ਫਾਟਕਾਂ ਤੋਂ ਨਿਜਾਤ ਦਿਵਾਉਣ ਲਈ ਉਸਾਰੇ ਅੰਡਰਪਾਸ ਰਾਹਗੀਰਾਂ ਲਈ ਵੱਡੀ ਰਾਹਤ ਲੈ ਕੇ ਆਏ ਹਨ। ਦੂਜੇ ਪਾਸੇ, ਅੰਡਰਪਾਸਾਂ ਵਿੱਚ ਮੀਂਹ ਦੇ ਪਾਣੀ ਦੀ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਇੱਥੇ ਪਾਣੀ ਭਰ ਜਾਂਦਾ ਹੈ। ਕੁਝ ਵਰ੍ਹੇ ਪਹਿਲਾਂ ਪਿੰਡ ਜਨੇਤਪੁਰ ਰੇਲਵੇ ਅੰਡਰਪਾਸ ਵਿੱਚ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਟਰੈਕਟਰ ਟਰਾਲੀ ਚਾਲਕ ਕਿਸਾਨ ਦੀ ਡੁੱਬ ਕੇ ਮੌਤ ਹੋ ਗਈ ਸੀ। ਲੋਕਾਂ ਨੇ ਕਿਹਾ ਕਿ ਇੱਥੇ ਪਾਣੀ ਭਰਨ ’ਤੇ ਰੌਲਾ ਪੈਣ ਮਗਰੋਂ ਪੰਪ ਲਾ ਕੇ ਪਾਣੀ ਕੱਢ ਦਿੱਤਾ ਜਾਂਦਾ ਹੈ ਪਰ ਲੋਕਾਂ ਦੇ ਵਿਰੋਧ ਬਿਨਾਂ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦਿੰਦੇ। ਸਥਾਨਕ ਲੋਕਾਂ ਨੇ ਕਿਹਾ ਕਿ ਮੁਬਾਰਕਪੁਰ ਰੇਲਵੇ ਅੰਡਰਪਾਸ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਅੱਜ ਵੀ ਇੱਥੇ ਇੱਕ ਸਰਕਾਰੀ ਬੱਸ ਸਣੇ ਹੋਰ ਵਾਹਨ ਫਸ ਗਏ ਸਨ ਜਿਨ੍ਹਾਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੂਰੇ ਹਲਕੇ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਨਿਕਾਸੀ ਪ੍ਰਬੰਧਾਂ ਵਿੱਚ ਕੋਈ ਵੀ ਲਾਪਰਵਾਹੀ ਨਾ ਵਰਤਣ। ਉਨ੍ਹਾਂ ਨੇ ਕਿਹਾ ਕਿ ਪਾਣੀ ਨਿਕਾਸ ਦੇ ਪ੍ਰਬੰਧਾਂ ਦੀ ਹਦਾਇਤ ਕੀਤੀ ਹੈ।
ਪਟਿਆਲਾ ਦੀ ਰਾਉ ਨਦੀ ’ਚ ਕਾਰ ਡਿੱਗੀ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਵਾਂ ਗਰਾਉਂ ਨੇੜੇ ਪਹਾੜੀ ਖੇਤਰ ਵਿੱਚੋਂ ਨਿਕਲਦੀ ਪਟਿਆਲਾ ਕੀ ਰਾਉ ਨਦੀ ਵਿੱਚ ਬੀਤੀ ਦੇਰ ਰਾਤ ਮੀਂਹ ਕਾਰਨ ਵੱਡੀ ਮਾਤਰਾ ’ਚ ਪਾਣੀ ਆਇਆ ਸੀ। ਪਿੰਡ ਟਾਂਡਾ ਨੇੜੇ ਇਸ ਨਦੀ ਵਿੱਚ ਕੱਚੇ ਰਾਹ ਰਾਹੀਂ ਤਿੰਨ ਕਾਰ ਸਵਾਰ ਲੰਘਣ ਰਹੇ ਸਨ। ਕਾਰ ਥੋੜ੍ਹੀ ਹੀ ਅੱਗੇ ਗਈ ਸੀ ਤਾਂ ਗਾਰ ਵਿੱਚ ਫਸ ਗਈ। ਕਾਰ ਸਵਾਰਾਂ ਨੇ ਤੁਰੰਤ ਕਾਰ ਵਿੱਚੋਂ ਛਾਲਾਂ ਮਾਰ ਦਿੱਤੀਆਂ। ਨਦੀ ਵਿੱਚ ਆਏ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਨਦੀ ’ਚ ਵਹਿ ਗਈ। ਪਾਣੀ ’ਚ ਕੁੱਝ ਦੂਰੀ ਉੱਤੇ ਜਾ ਕੇ ਕਾਰ ਪੱਥਰਾਂ ਵਿੱਚ ਫਸ ਕੇ ਰੁਕ ਗਈ। ਕਾਰ ਸਵਾਰਾਂ ਨੇ ਜੇਸੀਬੀ ਮਸ਼ੀਨ ਮੰਗਵਾ ਕੇ ਕਾਰ ਨੂੰ ਨਦੀ ਵਿੱਚੋਂ ਬਾਹਰ ਕੱਢਵਾਇਆ। ਇਸ ਹਾਦਸੇ ਕਾਰਨ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ ਰੋਕੂ ਜਾਂ ਅਚਾਨਕ ਹਾਦਸਿਆਂ ਤੋਂ ਰੋਕਥਾਮ ਲਈ ਸੂਚਨਾ ਦੇਣ ਲਈ ਪ੍ਰਬੰਧ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਨਦੀਆਂ, ਨਾਲਿਆਂ ਜਾਂ ਅਧੂਰੇ ਪਏ ਪੁਲਾਂ ਉੱਤੇ ਕੋਈ ਵੀ ਪ੍ਰਬੰਧ ਅਮਲ ’ਚ ਦੇਖਣ ਨੂੰ ਨਹੀਂ ਮਿਲਦਾ। ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਨਵਾਂ ਗਰਾਉਂ ਪੁਲੀਸ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਪੁਲੀਸ ਕਰਮਚਾਰੀ ਨੇ ਫੋਨ ਨਹੀਂ ਸੁਣਿਆ। ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਨਦੀਆਂ ਉੱਤੇ ਲਗਾਏ ਜਾ ਰਹੇ ਪੁਲਾਂ ਦੇ ਕੰਮ ਨੂੰ ਤੇਜ਼ ਕਰਵਾਇਆ ਜਾਵੇ।