2500 ਤੋਂ ਵੱਧ ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਸਹੁੰ ਚੁੱਕੀ
ਚੰਡੀਗੜ੍ਹ ਦੇ ਸੁਖਨਾ ਝੀਲ ’ਤੇ ਐੱਨਸੀਸੀ ਗਰੁੱਪ ਚੰਡੀਗੜ੍ਹ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ‘ਹੈਲਥ ਰਨ’ ਕਰਵਾਈ ਗਈ। ਇਹ ਨੌਜਵਾਨਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦੇ ਉਦੇਸ਼ ਨਾਲ ਕਰਵਾਈ ਗਈ। ਐੱਨਸੀਸੀ ਡਾਇਰੈਕਟੋਰੇਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਮੇਜਰ ਜਨਰਲ ਜੇ ਐੱਸ ਚੀਮਾ ਨੇ ‘ਹੈਲਥ ਰਨ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵਿੱਚ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ 2500 ਦੇ ਕਰੀਬ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ‘ਹੈਲਥ ਰਨ’ ਤੋਂ ਪਹਿਲਾਂ ਨਸ਼ਿਆਂ ਵਿਰੁੱਧ ਸਹੁੰ ਚੁੱਕੀ। ਇਸ ਦੇ ਨਾਲ ਹੀ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਦਾ ਐਲਾਨ ਕੀਤਾ। ਮੇਜਰ ਚੀਮਾ ਨੇ ਕਿਹਾ ਕਿ ਤੰਦਰੁਸਤੀ, ਅਨੁਸ਼ਾਸਨ ਅਤੇ ਜਾਗਰੂਕਤਾ ਰਾਹੀਂ ਅਸੀਂ ਸਮਾਜ ਵਿੱਚੋਂ ਨਸ਼ਿਆਂ ਦੀ ਬੁਰਾਈ ਦਾ ਜੜ੍ਹ ਤੋਂ ਖਾਤਮਾ ਕਰ ਸਕਦੇ ਹਾਂ। ਇਸ ਦੇ ਨਾਲ ਹੀ ਨੌਜਵਾਨਾਂ ਦੇ ਉੱਜਵਲ ਤੇ ਸੁਨਹਿਰੇ ਭਵਿੱਖ ਦੀ ਸਿਰਜਨਾ ਕਰ ਸਕਦੇ ਹਾਂ। ਉਨ੍ਹਾਂ ਨੇ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ਸਾਰੇ ਮਿਲ ਕੇ ਇਕ ਤੰਦਰੁਸਤ, ਨਸ਼ਾ ਮੁਕਤ ਸਮਾਜ ਬਣਾਉਣ ਲਈ ਵੱਧ-ਚੜ੍ਹ ਕੇ ਯੋਗਦਾਨ ਪਾਉਣ। ਯੂਟੀ ਦੇ ਸਿੱਖਿਆ ਵਿਭਾਗ ਦੀ ਵਧੀਕ ਡਾਇਰੈਕਟਰ ਰਾਧਿਕਾ ਸਿੰਘ ਨੇ ਵੀ ਨੌਜਵਾਨਾਂ ਨੂੰ ਚੰਗੇ ਸਮਾਜ ਦੀ ਸਿਰਜਨਾ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ‘ਹੈਲਥ ਰਨ’ ਵਿੱਚ ਚੰਡੀਗੜ੍ਹ ਦੇ 2500 ਦੇ ਕਰੀਬ ਨੌਜਵਾਨਾਂ ਨੇ ਦੌੜ ਕੇ ਤੰਦਰੁਸਤ ਸਮਾਜ ਦੀ ਸਿਰਜਨਾ ਦਾ ਸੁਨੇਹਾ ਦਿੱਤਾ।