ਮੌਨਸੂਨ: ਨਿਗਮ ਨੇ 18 ਫਲੱਡ ਕੰਟਰੋਲ ਟੀਮਾਂ ਤੇ ਸੱਤ ਕੰਟਰੋਲ ਰੂਮ ਬਣਾਏ
ਕੁਲਦੀਪ ਸਿੰਘ
ਚੰਡੀਗੜ੍ਹ, 17 ਜੂਨ
ਮੌਨਸੂਨ ਆਉਣ ਤੋਂ ਪਹਿਲਾਂ ਨਗਰ ਨਿਗਮ ਚੰਡੀਗੜ੍ਹ ਨੇ ਤਿਆਰੀਆਂ ਕਰ ਲਈਆਂ ਹਨ। ਨਿਗਮ ਵੱਲੋਂ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ 18 ਫਲੱਡ ਕੰਟਰੋਲ ਟੀਮਾਂ ਤੇ ਸੱਤ ਕੰਟਰੋਲ ਰੂਮ ਬਣਾ ਦਿੱਤੇ ਗਏ ਹਨ।
ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਇਹ ਪ੍ਰਬੰਧ 20 ਜੂਨ ਤੋਂ 30 ਸਤੰਬਰ ਤੱਕ ਲਾਗੂ ਰਹਿਣਗੇ। ਹਰ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ। ਇਨ੍ਹਾਂ ਵਿੱਚ ਤਿੰਨ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਟੀਮਾਂ ਤਾਇਨਾਤ ਹੋਣਗੀਆਂ। ਨਾਗਰਿਕ ਸਮਰਪਿਤ ਕੰਟਰੋਲ ਰੂਮ ਫੋਨ ਨੰਬਰਾਂ ਰਾਹੀਂ ਪਾਣੀ ਭਰਨ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਹਰੇਕ ਕੰਟਰੋਲ ਰੂਮ ਵਿੱਚ ਸਮਰਪਿਤ ਫੀਲਡ ਟੀਮਾਂ ਹਨ ਜਿਨ੍ਹਾਂ ਵਿੱਚ ਫੀਲਡ ਮੈਨੇਜਰ (ਐੱਫਐੱਮ), ਮਲਟੀ-ਟਾਸਕ ਵਰਕਰ (ਐੱਮਟੀਡਬਲਯੂ) ਅਤੇ ਪਬਲਿਕ ਹੈਲਥ ਅਧਿਕਾਰੀ ਸ਼ਾਮਲ ਹਨ। ਪਬਲਿਕ ਹੈਲਥ ਅਫਸਰ ਹਰੇਕ ਕੰਟਰੋਲ ਰੂਮ ਵਿੱਚ ਸਿੰਗਲ ਪੁਆਇੰਟ ਆਫ ਕੰਟੈਕਟ (ਐੱਸਪੀਓਸੀ) ਵਜੋਂ ਕੰਮ ਕਰੇਗਾ ਅਤੇ ਵਿਭਾਗਾਂ ਵਿੱਚ ਤਾਲਮੇਲ ਕਰੇਗਾ। ਸ਼ਹਿਰ ਦੇ ਮੁੱਖ ਸੈਕਟਰਾਂ ਵਿੱਚ ਜਨ ਸਿਹਤ, ਬੀਐਂਡਆਰ, ਬਾਗ਼ਬਾਨੀ, ਐੱਮਓਐੱਚ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਸਣੇ 18 ਐਮਰਜੈਂਸੀ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪਾਣੀ ਦੇ ਪੰਜ ਟੈਂਕਰ ਡਰਾਈਵਰਾਂ ਸਣੇ 24 ਘੰਟੇ ਉਪਲਬਧ ਰਹਿਣਗੇ।
ਆਫ਼ਤ ਪ੍ਰਬੰਧਨ ਵਿੱਚ ਸਿਖਲਾਈ ਪ੍ਰਾਪਤ ਫਾਇਰ ਵਿਭਾਗ ਦੇ ਕਰਮਚਾਰੀ ਐਮਰਜੈਂਸੀ ਨਾਲ ਨਜਿੱਠਣ ਲਈ ਰਣਨੀਤਕ ਤੌਰ ’ਤੇ ਤਾਇਨਾਤ ਹੋਣਗੇ। ਹੜ੍ਹ ਵਰਗੀ ਸਥਿਤੀ ਪੈਦਾ ਹੋਣ ਕਰ ਕੇ ਢਹਿ-ਢੇਰੀ ਹੋਣ ਵਾਲੀਆਂ ਥਾਵਾਂ ’ਤੇ ਬੈਰੀਕੇਡਿੰਗ ਬੀਐਂਡਆਰ ਵਿੰਗ ਵੱਲੋਂ ਸੰਭਾਲੀ ਜਾਵੇਗੀ।