ਮੁਹਾਲੀ-ਰਾਜਪੁਰਾ ਰੇਲਵੇ ਪ੍ਰਾਜੈਕਟ ਮੁਹਾਲੀ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ: ਸ਼ਰਮਾ
ਭਾਜਪਾ ਦੇ ਸੂਬਾਈ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ 450 ਕਰੋੜ ਦੀ ਲਾਗਤ ਨਾਲ ਮੁਹਾਲੀ-ਰਾਜਪੁਰਾ ਰੇਲਵੇ ਲਾਈਨ ਪ੍ਰਾਜੈਕਟ ਨੂੰ ਮੰਨਜ਼ੂਰੀ ਮਿਲਣ ਨਾਲ ਮੁਹਾਲੀ ਦੇ ਵਿਕਾਸ ਲਈ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ...
ਭਾਜਪਾ ਦੇ ਸੂਬਾਈ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ 450 ਕਰੋੜ ਦੀ ਲਾਗਤ ਨਾਲ ਮੁਹਾਲੀ-ਰਾਜਪੁਰਾ ਰੇਲਵੇ ਲਾਈਨ ਪ੍ਰਾਜੈਕਟ ਨੂੰ ਮੰਨਜ਼ੂਰੀ ਮਿਲਣ ਨਾਲ ਮੁਹਾਲੀ ਦੇ ਵਿਕਾਸ ਲਈ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਮੁਹਾਲੀ ਲਈ ਸੈਮੀਕੰਡਕਰ ਚਿਪ ਲੈਬ ਦੇ ਪ੍ਰਾਜੈਕਟ ਮਗਰੋਂ ਕੇਂਦਰ ਸਰਕਾਰ ਨੇ ਮੁਹਾਲੀ ਲਈ ਇਹ ਦੂਜਾ ਵੱਡਾ ਤੋਹਫ਼ਾ ਦਿੱਤਾ ਹੈ। ਉਹ ਅੱਜ ਬਾਅਦ ਦੁਪਹਿਰ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਡਾ. ਸ਼ਰਮਾ ਨੇ ਕਿਹਾ ਕਿ ਮੁਹਾਲੀ-ਰਾਜਪੁਰਾ ਲਿੰਕ ਜੁੜਨ ਨਾਲ ਮਾਲਵਾ ਖੇਤਰ ਦਾ ਚੰਡੀਗੜ੍ਹ-ਮੁਹਾਲੀ ਨਾਲ ਸਿੱਧਾ ਸੰਪਰਕ ਜੁੜ ਜਾਵੇਗਾ। ਉਨ੍ਹਾਂ ਕਿਹਾ ਕਿ ਇਸ 18 ਕਿਲੋਮੀਟਰ ਰੇਲਵੇ ਲਾਈਨ ਦੇ ਬਣਨ ਨਾਲ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ ਅਤੇ ਲੋਕਾਂ ਨੂੰ ਰਾਜਪੁਰਾ ਰਾਹੀਂ ਦਿੱਲੀ ਜਾਣ ਲਈ ਵੀ ਵਾਧੂ ਰੇਲਵੇ ਸਹੂਲਤ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਜ਼ਮੀਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰਨ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸਰਕਾਰ ਨੂੰ ਮਾਰਕੀਟ ਰੇਟ ਅਨੁਸਾਰ ਕਿਸਾਨਾਂ ਦੀਆਂ ਜ਼ਮੀਨਾਂ ਹਾਸਲ ਕਰਨ ਲਈ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਐੱਸਡੀਆਰਐੱਫ਼ ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ।
ਕਿਹੜੇ ਪਿੰਡਾਂ ਵਿੱਚੋਂ ਜਾਵੇਗੀ ਲਾਈਨ, ਹਾਲੇ ਭੰਬਲਭੂਸਾ
ਮੁਹਾਲੀ-ਰਾਜਪੁਰਾ ਰੇਲਵੇ ਲਾਈਨ ਲਈ ਪਿੰਡ ਸਨੇਟਾ ਤੋਂ ਸਰਾਏ ਬੰਜਾਰਾ ਤੱਕ ਲਾਈਨ ਵਿਛਾਈ ਜਾਣੀ ਹੈ। ਇਸ ਮਕਸਦ ਲਈ 135 ਏਕੜ ਦੇ ਕਰੀਬ ਜ਼ਮੀਨ ਐਕੁਆਇਰ ਹੋਵੇਗੀ। ਰੇਲਵੇ ਵੱਲੋਂ ਪਿਛਲੇ ਦਿਨਾਂ ਦੌਰਾਨ ਦੋ ਸਰਵੇ ਕੀਤੇ ਗਏ ਹਨ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਹੈ ਕਿ ਕਿਹੜੇ ਸਰਵੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਭਾਜਪਾ ਦੇ ਸੂਬਾਈ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਕੋਲ ਵੀ ਇਸ ਸੰਬਧੀ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਮੰਨਜ਼ੂਰ ਕੀਤਾ ਗਿਆ ਹੈ ਤੇ ਪਿੰਡਾਂ ਦਾ ਵੇਰਵਾ ਵੀ ਜਲਦੀ ਹੀ ਆ ਜਾਵੇਗਾ।