ਮੁਹਾਲੀ ਦੇ ਮੇਅਰ ਨੇ ਵਿਧਾਇਕ ਤੋਂ ਮੀਟਿੰਗ ਲਈ ਸਮਾਂ ਮੰਗਿਆ
ਮੁਹਾਲੀ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਲਈ ਸਮਾਂ ਦੇਣ ਵਾਸਤੇ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਦੀਆਂ ਸਮੱਸਿਆਵਾਂ ਸਬੰਧੀ ਕੌਂਸਲਰਾਂ ਸਣੇ ਵਿਧਾਇਕ ਨੂੰ ਮਿਲਣਾ ਚਾਹੁੰਦੇ ਹਨ ਅਤੇ ਜੇ ਵਿਧਾਇਕ ਨੇ ਉਨ੍ਹਾਂ ਨੂੰ ਚੌਵੀ ਘੰਟੇ ਵਿੱਚ ਮਿਲਣ ਦਾ ਸਮਾਂ ਨਾ ਦਿੱਤਾ ਤਾਂ ਉਹ ਖ਼ੁਦ ਕੌਂਸਲਰਾਂ ਨੂੰ ਨਾਲ ਲੈ ਕੇ ਵਿਧਾਇਕ ਦੇ ਦਫ਼ਤਰ ਪਹੁੰਚਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੁਹਾਲੀ ਦੇ ਵਿਕਾਸ ਲਈ 600 ਕਰੋੜ ਰੁਪਏ ਦੀ ਯੋਜਨਾ ਬਣਾਈ ਗਈ ਹੈ, ਜਿਸ ਨਾਲ ਸ਼ਹਿਰ ਦਾ ਹਰ ਪੱਖੋਂ ਵਿਕਾਸ ਹੋਵੇਗਾ। ਇਸ ਨਾਲ ਸ਼ਹਿਰ ਦੀ ਕੂੜੇ ਦੀ ਸਮੱਸਿਆ, ਪਾਣੀ ਦੀ ਨਿਕਾਸੀ, ਪਾਰਕ, ਸਾਈਕਲ ਟਰੈਕ, ਸਿਟੀ ਬੱਸ ਸਰਵਿਸ ਆਦਿ ਦੀ ਲੋੜ ਦੀ ਪੂਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਿਧਾਇਕ ਇਹ ਰਕਮ ਸਰਕਾਰ ਰਾਹੀਂ ਉਪਲਬਧ ਕਰਵਾਉਣ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਵਿਧਾਇਕ ਕੁਲਵੰਤ ਸਿੰਘ ਰਾਜਨੀਤੀ ’ਤੇ ਉਤਾਰੂ ਹੈ।
ਮੇਅਰ ਨੇ ਕਿਹਾ ਕਿ ਵਿਧਾਇਕ ਉਨ੍ਹਾਂ ਨੂੰ ਭਾਵੇਂ ਆਪਣੇ ਦਫ਼ਤਰ ਬੁਲਾਉਣ, ਭਾਵੇਂ ਆਪਣੇ ਘਰ ਬੁਲਾਉਣ, ਭਾਵੇਂ ਕਾਰਪੋਰੇਸ਼ਨ ਦੇ ਦਫ਼ਤਰ ਉਹ ਖ਼ੁਦ ਆ ਜਾਣ, ਉਹ ਕੌਂਸਲਰਾਂ ਸਣੇ ਉਨ੍ਹਾਂ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਨ।
ਮੇਰੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ: ਵਿਧਾਇਕ
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਹਰ ਸਮੇਂ ਖ਼ੁੱਲ੍ਹੇ ਹਨ ਜਿਹੜਾ ਮਰਜ਼ੀ, ਜਦੋਂ ਮਰਜ਼ੀ ਆ ਕੇ ਮਿਲ ਸਕਦਾ ਹੈ ਪਰ ਮੇਅਰ ਪਹਿਲਾਂ ਆਪਣੇ ਭਰਾ ਦੇ ਸਮੇਂ ਦਾ ਹਿਸਾਬ ਸ਼ਹਿਰ ਵਾਸੀਆਂ ਨੂੰ ਦੇਣ। ਉਨ੍ਹਾਂ ਕਿਹਾ ਕਿ ਮੇਅਰ ਨਿਗਮ ਦੀ ਕਾਰਜ ਪ੍ਰਣਾਲੀ ਚਲਾਉਣ ਫੇਲ੍ਹ ਹੋਣ ਕਾਰਨ ਬੌਖਲਾਹਟ ’ਚ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੇਅਰ ਸ਼ਹਿਰ ਵਾਸੀਆਂ ਨੂੰ ਦੱਸਣ ਕਿ ਆਪਣੇ ਭਰਾ ਬਲਬੀਰ ਸਿੱਧੂ ਦੇ ਵਿਧਾਇਕ ਅਤੇ ਮੰਤਰੀ ਦੇ ਕਾਰਜਕਾਲ ਸਮੇਂ ਉਨ੍ਹਾਂ ਕੋਲੋਂ ਨਗਰ ਨਿਗ਼ਮ ਨੂੰ ਕਿੰਨਾ ਪੈਸਾ ਲਿਆ ਸੀ। ਉਨ੍ਹਾਂ ਕਿਹਾ ਕਿ ਮੇਅਰ ਜਿਹੜੇ 600 ਕਰੋੜ ਦੇ ਪ੍ਰਾਜੈਕਟ ਦੀ ਅੱਜ ਗੱਲ ਕਰ ਰਹੇ ਹਨ, ਉਹ ਇਹ ਵੀ ਦੱਸਣ ਕਿ ਕੀ ਇਸ ਪ੍ਰਾਜੈਕਟ ਬਾਰੇ ਪੰਜਾਬ ਸਰਕਾਰ ਨੂੰ ਕੋਈ ਤਜਵੀਜ਼ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਤਜਵੀਜ਼ ਹੀ ਨਹੀਂ ਭੇਜੀ ਫ਼ਿਰ ਉਹ ਰਾਸ਼ੀ ਕਿਵੇਂ ਮੰਗ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਸਾਰਾ ਕੁੱਝ ਸਮਝ ਚੁੱਕੇ ਹਨ ਅਤੇ ਦੋਵੇਂ ਸਿੱਧੂ ਭਰਾ ਆਪਣੀ ਗੁਆਚੀ ਸਿਆਸੀ ਜ਼ਮੀਨ ਦੀ ਭਾਲ ਵਿੱਚ ਨਿੱਤ ਦਿਨ ਨਵੇਂ ਸ਼ੋਸ਼ੇ ਛੱਡ ਰਹੇ ਹਨ।