ਮੁਹਾਲੀ: ਹੱਦਬੰਦੀ ਦੇ ਮਾਮਲੇ ’ਤੇ ਬਹਿਸ
ਮੇਅਰ ਅਤੇ ਵਿਧਾਇਕ ਦਾ ਪੁੱਤ ਖਹਿਬਡ਼ੇ; ਨਵੀਂ ਹੱਦਬੰਦੀ ਤਜਵੀਜ਼ ’ਚੋਂ ਬਾਹਰ ਛੱਡੇ ਖੇਤਰ ਨਿਗਮ ’ਚ ਸ਼ਾਮਲ ਕਰਨ ਲਈ ਮੁਡ਼ ਮਤਾ ਪਾਸ
ਮੁਹਾਲੀ ਨਗਰ ਨਿਗਮ ਦੀ ਅੱਜ ਹੋਈ ਹਾਊਸ ਮੀਟਿੰਗ ਵਿੱਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਕੌਂਸਲਰ ਸਰਬਜੀਤ ਸਿੰਘ ਸਮਾਣਾ ਆਪਸ ਵਿਚ ਮਿਹਣੋ-ਮਿਹਣੀ ਹੋਏ। ਦੋਵਾਂ ਨੇ ਇੱਕ-ਦੂਜੇ ’ਤੇ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਕਰਨ ਦੇ ਦੋਸ਼ ਵੀ ਲਾਏ। ਕੌਂਸਲਰ ਮਨਜੀਤ ਸਿੰਘ ਸੇਠੀ ਤੇ ਕੁੱਝ ਮਹਿਲਾ ਕੌਂਸਲਰਾਂ ਨੇ ਦੋਵਾਂ ਨੂੰ ਸ਼ਾਂਤ ਕੀਤਾ।
ਨਿਗਮ ਦੀ ਅੱਜ ਸ਼ਹਿਰ ਦੇ ਕੂੜੇ ਅਤੇ ਸਫ਼ਾਈ ਦੀ ਬਦਤਰ ਹਾਲਤ ਸਬੰਧੀ ਹਾਊਸ ਮੀਟਿੰਗ ਸੱਦੀ ਗਈ ਸੀ। ਮੇਅਰ ਜੀਤੀ ਸਿੱਧੂ ਨੇ ਕੌਂਸਲਰ ਰਾਜਿੰਦਰ ਸਿੰਘ ਰਾਣਾ ਦੀ ਮੰਗ ’ਤੇ ਨਗਰ ਨਿਗਮ ਦੀ ਹੱਦ ਵਿੱਚੋਂ ਬਾਹਰ ਛੱਡੇ ਗਏ ਬਲੌਂਗੀ, ਬੜਮਾਜਰਾ, ਟੀਡੀਆਈ ਦੇ ਵੱਖ-ਵੱਖ ਸੈਕਟਰਾਂ ਨੂੰ ਤਜਵੀਜ਼ਤ ਹੱਦਬੰਦੀ ’ਚ ਸ਼ਾਮਲ ਕਰਾਉਣ ਲਈ ਹਾਊਸ ਵਿੱਚ ਮਤਾ ਲਿਆਂਦਾ। ਕੌਂਸਲਰ ਸਰਬਜੀਤ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ, ਮਨਜੀਤ ਸਿੰਘ ਸੇਠੀ, ਕੌਂਸਲਰ ਗੁਰਪ੍ਰੀਤ ਕੌਰ, ਗੁਰਮੀਤ ਕੌਰ ਨੇ ਕਿਹਾ ਕਿ ਨਿਗਮ ’ਚ ਸ਼ਾਮਲ ਪਹਿਲੇ ਪਿੰਡਾਂ ਦੀਆਂ ਸਮੱਸਿਆਵਾਂ ਤਾਂ ਹੱਲ ਨਹੀਂ ਹੋਈਆਂ।
ਇਸ ਗੱਲ ’ਤੇ ਮੇਅਰ ਅਤੇ ਵਿਧਾਇਕ ਦੇ ਪੁੱਤਰ ਦਰਮਿਆਨ ਤਕਰਾਰ ਹੋ ਗਿਆ। ਮੇਅਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਮਾਮਲੇ ’ਚ ਭੁਲੇਖਾ ਹੈ ਤਾਂ ਹਾਊਸ ਦੀ ਵੋਟਿੰਗ ਕਰਵਾ ਲਈ ਜਾਵੇ। ਇਸ ਦੌਰਾਨ ਹਾਊਸ ਨੇ ਬਾਹਰ ਛੱਡੇ ਗਏ ਖੇਤਰਾਂ ਨੂੰ ਸ਼ਾਮਲ ਕਰਨ ਦਾ ਮਤਾ ਪਾਸ ਕਰ ਦਿੱਤਾ। ਅਜਿਹਾ ਨਾ ਹੋਣ ’ਤੇ ਅਦਾਲਤ ਜਾਣ ਦਾ ਮਤਾ ਵੀ ਪਾਸ ਕੀਤਾ ਗਿਆ।
ਕੂੜੇ ਦੀ ਸਮੱਸਿਆ ’ਤੇ ਕੌਂਸਲਰਾਂ ਨੇ ਸਵਾਲ ਚੁੱਕੇ। ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਕੁਲਵੰਤ ਸਿੰਘ ਕਲੇਰ, ਮਨਜੀਤ ਸਿੰਘ ਸੇਠੀ ਤੇ ਸੁਖਦੇਵ ਪਟਵਾਰੀ ਨੇ ਸਮਗੌਲੀ ਅਤੇ ਸ਼ਹਿਰ ਵਿੱਚ 13 ਏਕੜ ਥਾਂ ਬਾਰੇ ਸਵਾਲ ਪੁੱਛੇ। ਕਮਿਸ਼ਨਰ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਗਮਾਡਾ ਤੋਂ ਥਾਂ ਹਾਸਲ ਕਰਨ ਲਈ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਸਮਗੌਲੀ ’ਚ ਪਲਾਂਟ ਲੱਗਣ ਲਈ ਦੋ ਸਾਲ ਲੱਗ ਸਕਦੇ ਹਨ। ਉਨ੍ਹਾਂ ਆਰ ਐਮ ਸੀ ਜਗਤਪੁਰਾ ਲਈ ਏਅਰ ਫੋਰਸ ਅਤੇ ਏਅਰ ਇੰਡੀਆ ਅਤੇ ਮਦਨਪੁਰਾ ਲਈ ਐਨਜੀਟੀ ਵੱਲੋਂ ਨੋਟਿਸ ਜਾਰੀ ਕਰਨ ਦੀ ਗੱਲ ਵੀ ਆਖੀ। ਕੌਂਸਲਰ ਹਰਜੀਤ ਸਿੰਘ ਭੋਲੂ ਨੇ ਸੈਕਟਰ 78-79 ਵਿੱਚ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਚੁੱਕਿਆ। ਕੌਂਸਲਰ ਬਲਰਾਜ ਕੌਰ ਨੇ ਨੰਬਰ ਪਲੇਟਾਂ ਦੀ ਗੱਲ ਚੁੱਕੀ। ਗੁਰਪ੍ਰੀਤ ਕੌਰ ਨੇ ਮਟੌਰ ਦੇ ਮਾਮਲੇ ਉਠਾਏ। ਹਾਊਸ ਨੇ ਪਸ਼ੂਆਂ ਨੂੰ ਫੜ੍ਹਨ ਦੀ ਮੁਹਿੰਮ ਤੇਜ਼ ਕਰਨ ਅਤੇ ਪਸ਼ੂ ਛੁਡਾਉਣ ਲਈ ਪਹਿਲਾਂ ਵਸੂਲੇ ਜਾਂਦੇ ਪੰਜ ਹਜ਼ਾਰ ਦੇ ਜੁਰਮਾਨੇ ਨੂੰ ਵੀਹ ਹਜ਼ਾਰ ਕਰਨ ਅਤੇ ਪਸ਼ੂ ਨਾ ਛੁਡਾਏ ਜਾਣ ਦੀ ਸੂਰਤ ਵਿਚ ਨਿਲਾਮੀ ਕਰਨ ਦਾ ਫੈਸਲਾ ਵੀ ਲਿਆ ਗਿਆ। ਨਿਗਮ ਵਿਚ ਕਰਮਚਾਰੀਆਂ ਵੱਲੋਂ ਭ੍ਰਿਸ਼ਟਾਚਾਰ ਕਰਨ ਦਾ ਮਾਮਲਾ ਵੀ ਗੂੰਜਿਆ।
ਮੁਹਾਲੀ ਬੱਸ ਅੱਡੇ ਨੇੜੇ ਬੰਦ ਸੜਕ ਦੇ ਮੁੱਦੇ ’ਤੇ ਮੀਟਿੰਗ
ਮੁਹਾਲੀ ਬੱਸ ਅੱਡੇ ਨਾਲ ਲੱਗਦੀ ਬੰਦ ਪਈ ਸੜਕ ਦੇ ਮੁੱਦੇ ਨੂੰ ਹੱਲ ਕਰਨ ਵਾਸਤੇ ਗਮਾਡਾ ਦੀ ਨਵੀਂ ਆਈ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨੇ ਅੱਜ ਮੀਟਿੰਗ ਸੱਦੀ। ਇਸ ਮੌਕੇ ਬੱਸ ਅੱਡਾ ਚਲਾ ਰਹੀ ਕੰਪਨੀ ਦੇ ਪ੍ਰਤਿਨਿਧੀ, ਗਮਾਡਾ ਦੇ ਅਧਿਕਾਰੀ ਅਤੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜੋ ਇਸ ਮਾਮਲੇ ਵਿੱਚ ਹਾਈਕੋਰਟ ਦੇ ਪਟੀਸ਼ਨਰ ਵੀ ਹਨ, ਸ਼ਾਮਲ ਹੋਏ। ਸ੍ਰੀ ਬੇਦੀ ਨੇ ਸਮੁੱਚੀ ਸੜਕ ਨੂੰ ਤੁਰੰਤ ਖੋਲੇ ਜਾਣ ਦੀ ਮੰਗ ਕੀਤੀ। ਸਾਕਸ਼ੀ ਸਾਹਨੀ ਨੇ ਸਾਰਿਆਂ ਦੀ ਗੱਲ ਸੁਣਨ ਮਗਰੋਂ ਗਮਾਡਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਪਨੀ ਨਾਲ ਬੈਠ ਕੇ ਆਪਸੀ ਸਹਿਮਤੀ ਨਾਲ ਹੱਲ ਕੱਢਣ ਅਤੇ ਸੜਕ ਨੂੰ ਚਾਲੂ ਕਰਨ ਲਈ ਲੋੜੀਂਦਾ ਹੱਲ ਯਕੀਨੀ ਬਣਾਉਣ। ਇਸ ਮੌਕੇ ਅਗਲੇ ਸੋਮਵਾਰ ਨੂੰ ਮੁੜ ਇਸ ਮਾਮਲੇ ਸਬੰਧੀ ਮੀਟਿੰਗ ਤੈਅ ਕੀਤੀ ਗਈ।

