Mock drills in Punjab: ਪੰਜਾਬ ਵਿੱਚ 20 ਜ਼ਿਲ੍ਹਿਆਂ ਵਿਚ ਹੋਵੇਗੀ ਮੌਕ ਡ੍ਰਿਲ
Mock drills to be conducted at 20 places in Punjab
ਚੰਡੀਗੜ੍ਹ, 6 ਮਈ
ਅਧਿਕਾਰੀਆਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਬੁੱਧਵਾਰ ਨੂੰ ਪੰਜਾਬ ਵਿੱਚ 20 ਥਾਵਾਂ 'ਤੇ ਮੌਕ ਡ੍ਰਿਲ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਗ਼ੌਰਤਲਬ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਸਾਰੇ ਰਾਜਾਂ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਕਾਰ ਉਭਰ ਰਹੇ "ਨਵੇਂ ਅਤੇ ਗੁੰਝਲਦਾਰ ਖਤਰਿਆਂ" ਦੇ ਮੱਦੇਨਜ਼ਰ ਬੁੱਧਵਾਰ ਨੂੰ ਮੌਕ ਡ੍ਰਿਲ ਕਰਨ ਲਈ ਕਿਹਾ ਸੀ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਕਿਹਾ ਕਿ ਬੁੱਧਵਾਰ ਨੂੰ ਸੂਬੇ ਵਿੱਚ 20 ਥਾਵਾਂ 'ਤੇ ਮੌਕ ਡ੍ਰਿਲ ਕੀਤੇ ਜਾਣਗੇ, ਜਿਨ੍ਹਾਂ ਵਿੱਚ ਫਿਰੋਜ਼ਪੁਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਪਟਿਆਲਾ, ਪਠਾਨਕੋਟ, ਬਰਨਾਲਾ ਅਤੇ ਮੁਹਾਲੀ ਜ਼ਿਲ੍ਹੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੌਕ ਡ੍ਰਿਲ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਹਨ।
ਚੀਮਾ ਨੇ ਕਿਹਾ ਕਿ ਮੌਕ ਡ੍ਰਿਲ ਮਸ਼ਕਾਂ ਦੌਰਾਨ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਚੀਮਾ ਨੇ ਕਿਹਾ ਕਿ ਅਜਿਹੀ ਡ੍ਰਿਲ ਦਾ ਉਦੇਸ਼ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਲੋੜੀਂਦੀਆਂ ਚੌਕਸੀਆਂ ਵਰਤਣਾ ਹੈ।
ਇਹ ਵੀ ਪੜ੍ਹੋ:
ਭਾਰਤ-ਪਾਕਿਸਤਾਨ ਤਣਾਅ ਵਧਣ ਕਾਰਨ 244 ਥਾਵਾਂ ’ਤੇ ਹੋਵੇਗੀ ਮੌਕ ਡਰਿੱਲ
ਪਹਿਲਗਾਮ ਹਮਲਾ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਨੂੰ 7 ਮਈ ਨੂੰ ਗੈਰ-ਫੌਜੀ ਰੱਖਿਆ ਮੌਕ ਡਰਿੱਲ ਕਰਨ ਦੀ ਹਦਾਇਤ
ਇਸ ਦੌਰਾਨ, ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਮੌਕ ਡ੍ਰਿਲ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ, ਮੰਗਲਵਾਰ ਸ਼ਾਮ 7 ਵਜੇ ਤੋਂ 7:15 ਵਜੇ ਤੱਕ ਸ਼ਹਿਰ ਅਤੇ ਫਿਰੋਜ਼ਪੁਰ ਛਾਉਣੀ ਖੇਤਰ ਵਿੱਚ ਛੇ ਸਿਵਲ ਡਿਫੈਂਸ ਸਾਇਰਨ ਵਜਾਏ ਜਾਣਗੇ। ਉਨ੍ਹਾਂ ਕਿਹਾ, "ਇਹ ਸਾਇਰਨ 7 ਮਈ ਦੇ ਮੌਕ ਡ੍ਰਿਲ ਦੀ ਤਿਆਰੀ ਲਈ ਵਜਾਏ ਜਾਣਗੇ।"
ਫਿਰੋਜ਼ਪੁਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਰਾਤ 9 ਵਜੇ ਤੋਂ 9:30 ਵਜੇ ਤੱਕ ਬਲੈਕਆਊਟ ਰਿਹਰਸਲ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਪੁਲੀਸ ਗਸ਼ਤ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। -ਪੀਟੀਆਈ