DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀ ਆਨੰਦਪੁਰ ਸਾਹਿਬ ਵਿੱਚ ਸਕੂਲੀ ਵਿਦਿਆਰਥੀਆਂ ਦੀ ਮੌਕ ਵਿਧਾਨ ਸਭਾ

ਵਿਦਿਆਰਥੀਆਂ ਨੇ ਵਿਧਾਨ ਸਭਾ ਦੀ ਕਾਰਵਾੲੀ ਚਲਾੲੀ; ਸਪੀਕਰ, ਡਿਪਟੀ ਸਪੀਕਰ, ਮੁੱਖ ਮੰਤਰੀ, ਮੰਤਰੀਆਂ ਅਤੇ 117 ਵਿਧਾਇਕਾਂ ਦੀ ਭੂਮਿਕਾ ਨਿਭਾਈ

  • fb
  • twitter
  • whatsapp
  • whatsapp
featured-img featured-img
ਵਿਧਾਨ ਸਭਾ ਦੇ ਸਪੀਕਰ ਵਜੋਂ ਕਿਰਦਾਰ ਨਿਭਾ ਰਹੇ ਜਗਮੰਦਰ ਸਿੰਘ।
Advertisement

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੰਵਿਧਾਨ ਦਿਵਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਤਿਆਰ ਕੀਤੀ ਗਈ ਵਿਸ਼ੇਸ਼ ਪੰਜਾਬ ਵਿਧਾਨ ਸਭਾ ਵਿੱਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੌਕ ਵਿਧਾਨ ਸਭਾ ਸੈਸ਼ਨ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਧਾਨ ਸਭਾ ਦੇ ਸਕੱਤਰ ਰਾਮਲੋਕ ਖਟਾਣਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਇਜਾਜ਼ਤ ਨਾਲ ਕੀਤੀ।

Advertisement

ਮੁੱਖ ਮੰਤਰੀ ਬਣੇ ਹਰਿਕਮਲਦੀਪ ਸਿੰਘ।
ਮੁੱਖ ਮੰਤਰੀ ਬਣੇ ਹਰਿਕਮਲਦੀਪ ਸਿੰਘ।

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਵਾਗਤ ਕਰਦਿਆਂ ਸੰਵਿਧਾਨ ਦਿਵਸ ਦੀ ਮਹੱਤਤਾ ਤੇ ਇਸ ਦੀ ਰਾਜਨੀਤਕ ਤੇ ਸਮਾਜਿਕ ਅਹਿਮੀਅਤ ਬਾਰੇ ਜਾਣੂ ਕਰਵਾਇਆ। ਇਸ ਮੌਕੇ ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਜਿਥੇ ਨਾਗਰਿਕਾਂ ਦੇ ਅਧਿਕਾਰ ਨਿਰਧਾਰਤ ਕਰਦਾ ਹੈ, ਉਥੇ ਕਰਤੱਵਾਂ ਬਾਰੇ ਵੀ ਸਚੇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਵਿਦਿਆਰਥੀਆਂ ਵਿੱਚ ਲੋਕਤੰਤਰਕ ਸੋਚ ਨੂੰ ਮਜ਼ਬੂਤ ਕਰੇਗੀ ਅਤੇ ਰਾਜਨੀਤੀ ਪ੍ਰਤੀ ਰੁਚੀ ਪੈਦਾ ਕਰੇਗੀ।

Advertisement

ਵਿਰੋਧੀ ਧਿਰ ਦੇ ਆਗੂ ਵਜੋਂ ਸਵਾਲ ਪੁੱਛਦੇ ਹੋਏ ਹਰਪ੍ਰੀਤ ਸਿੰਘ।
ਵਿਰੋਧੀ ਧਿਰ ਦੇ ਆਗੂ ਵਜੋਂ ਸਵਾਲ ਪੁੱਛਦੇ ਹੋਏ ਹਰਪ੍ਰੀਤ ਸਿੰਘ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸੱਤਾ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਕਿਰਿਆ ਨਾਲ ਜੁੜਨਾ ਚਾਹੀਦਾ ਹੈ। ਸਪੀਕਰ ਨੇ ‘ਵੋਟ ਚੋਰੀ’ ਵਿਸ਼ੇ ’ਤੇ ਆਰਟੀਕਲ ਲਿਖਣ ਦਾ ਟਾਸਕ ਦਿੱਤਾ ਅਤੇ ਪਹਿਲੇ ਤਿੰਨ ਸਥਾਨਾਂ ਲਈ ਕ੍ਰਮਵਾਰ 51,000, 21,000 ਅਤੇ 11,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ 29 ਨਵੰਬਰ ਤੱਕ ਪੰਜਾਬ ਦਾ ਹਰ ਸਕੂਲ ਇਸ ਵਿਧਾਨ ਸਭਾ ਦਾ ਦੌਰਾ ਕਰ ਸਕਦਾ ਹੈ। ਇਸ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ।

ਡਿਪਟੀ ਸਪੀਕਰ ਵਜੋਂ ਬੈਠੇ ਦੀਸ਼ਾਂਤ ਕੁਮਾਰ।
ਡਿਪਟੀ ਸਪੀਕਰ ਵਜੋਂ ਬੈਠੇ ਦੀਸ਼ਾਂਤ ਕੁਮਾਰ।

ਭਾਵੇਂ ਇਹ ਮੌਕ ਸੈਸ਼ਨ ਸੀ, ਪਰ ਵਿਦਿਆਰਥੀਆਂ ਨੇ ਸਪੀਕਰ, ਡਿਪਟੀ ਸਪੀਕਰ, ਮੁੱਖ ਮੰਤਰੀ, ਮੰਤਰੀਆਂ ਅਤੇ 117 ਵਿਧਾਇਕਾਂ ਦੀ ਭੂਮਿਕਾ ਨਿਭਾਈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਿਰਦਾਰ ਹਰਿਕਮਲਦੀਪ ਸਿੰਘ ਨੇ ਨਿਭਾਇਆ, ਜਦ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਿਰਦਾਰ ਹਰਪ੍ਰੀਤ ਸਿੰਘ ਨੇ ਨਿਭਾਇਆ। ਕੋਟਕਪੂਰਾ ਹਲਕੇ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਭੂਮਿਕਾ ਜਗਮੰਦਰ ਸਿੰਘ ਵੱਲੋਂ ਨਿਭਾਈ ਗਈ, ਜਦ ਕਿ ਡਿਪਟੀ ਸਪੀਕਰ ਦਾ ਕਿਰਦਾਰ ਦੀਸ਼ਾਤ ਕੁਮਾਰ ਨੇ ਨਿਭਾਇਆ।

ਸਵਾਲ ਪੁੱਛਦਾ ਹੋਇਆ ਗੁਰਸੇਵਕ ਸਿੰਘ।
ਸਵਾਲ ਪੁੱਛਦਾ ਹੋਇਆ ਗੁਰਸੇਵਕ ਸਿੰਘ।

ਪ੍ਰਸ਼ਨ ਕਾਲ ਦੌਰਾਨ 10 ਸਵਾਲ ਪੁੱਛੇ ਗਏ ਜਿਨ੍ਹਾਂ ਦੇ ਜਵਾਬ ਜਲ ਸਰੋਤ, ਲੋਕ ਨਿਰਮਾਣ, ਜੰਗਲਾਤ, ਸਿੱਖਿਆ, ਸਿਹਤ, ਸਥਾਨਕ ਸਰਕਾਰਾਂ, ਟਰਾਂਸਪੋਰਟ ਅਤੇ ਸਮਾਜਿਕ ਸੁਰੱਖਿਆ ਵਾਂਗੂੰ ਮੰਤਰੀਆਂ ਦੀ ਭੂਮਿਕਾ ਨਿਭਾ ਰਹੇ ਵਿਦਿਆਰਥੀਆਂ ਵੱਲੋਂ ਦਿੱਤੇ ਗਏ। ਸੈਸ਼ਨ ਦੌਰਾਨ ‘ਦਿ ਪੰਜਾਬ ਪੰਚਾਇਤੀ ਰਾਜ (ਅਮੈਂਡਮੈਂਟ) ਬਿੱਲ 2024’ ਅਤੇ ‘ਦਿ ਪ੍ਰੀਵੈਨਸ਼ਨ ਆਫ਼ ਕਰੂਲਟੀ ਟੂ ਐਨੀਮਲਜ਼ (ਪੰਜਾਬ ਅਮੈਂਡਮੈਂਟ) ਬਿੱਲ 2025’ ਪੇਸ਼ ਕੀਤੇ ਗਏ।

ਇਸ ਤੋਂ ਇਲਾਵਾ ਸੀਵਰੇਜ ਪ੍ਰਬੰਧ, ਜਲ ਸੰਭਾਲ ਅਤੇ ਮੱਕੀ ਦੇ ਬੀਜ ਦੀ ਨਵੀਂ ਕਿਸਮ ਸਬੰਧੀ ਧਿਆਨ ਦਿਵਾਉਂ ਮਤੇ ਵੀ ਪੇਸ਼ ਹੋਏ, ਜੋ ਕਿ ਸਰਬਸੰਮਤੀ ਨਾਲ ਪਾਸ ਕੀਤੇ ਗਏ। ਸਮਾਗਮ ਨੇ ਨੌਜਵਾਨਾਂ ਵਿੱਚ ਲੋਕਤੰਤਰ ਪ੍ਰਤੀ ਜ਼ਿੰਮੇਵਾਰੀ ਅਤੇ ਭਰੋਸਾ ਹੋਰ ਮਜ਼ਬੂਤ ਕੀਤਾ।

Advertisement
×