ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਪੈਦਲ ਮਾਰਚ ਲਈ ਲਾਮਬੰਦੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਖਮਾਣੋਂ ਦੇ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾਂ ਨੇ ਕਿਹਾ ਕਿ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ ਅਤੇ ਸਰਕਾਰ ਦਾ ਮਕਸਦ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਕ) ਦੀ ਅਗਵਾਈ ਹੇਠ ਸਰਕਾਰ ਦੀ ਇਸ ਕਿਸਾਨ ਮਾਰੂ ਨੀਤੀ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਲਈ 7 ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੋਧਾਂ ਵਿਚ ਕਿਸਾਨਾਂ ਦੀ ਇਕ ਵੱਡੀ ਇਕੱਤਰਤਾ ਕਰਕੇ ਰੈਲੀ ਕੱਢੀ ਜਾ ਰਹੀ ਹੈ, ਜਿਸ ਵਿਚ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਖਮਾਣੋਂ ਦੇ ਆਗੂ ਅਤੇ ਹੋਰ ਕਿਸਾਨ ਵੱਡੀ ਗਿਣਤੀ ਵਿਚ ਕਿਸਾਨ ਸ਼ਿਰਕਤ ਕਰਨਗੇ। ਉਨ੍ਹਾ ਦੱਸਿਆ ਕਿ ਵੱਖ ਵੱਖ ਪਿੰਡਾਂ ’ਚ ਮੀਟਿੰਗਾਂ ਰਾਹੀਂ ਬਲਾਕ ਪੱਧਰੀ ਕਿਸਾਨਾਂ ਨੂੰ ਇਸ ਹੋਣ ਵਾਲੀ ਰੈਲੀ ਸਬੰਧੀ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਦੀ ਇਸ ਲੋਕ ਮਾਰੂ ਨੀਤੀ ਦਾ ਡਟ ਕੇ ਵਿਰੋਧ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਖਮਾਣੋਂ ਦੀ ਮੀਟਿੰਗ 6 ਅਗਸਤ ਨੂੰ ਸਵੇਰੇ 10 ਵਜੇ ਹੋਵੇਗੀ ਅਤੇ ਇਸ ਉਪਰੰਤ ਸਰਕਾਰ ਦੀ ਲੈਂਡ ਪੂੁਲਿੰਗ ਨੀਤੀ ਖ਼ਿਲਾਫ਼ ਗੁਰਦੁਆਰਾ ਸਾਹਿਬ ਖਮਾਣੋਂ ਤੋਂ ਖਮਾਣੋਂ ਸਹਿਰ ਵਿਚ ਪੈਦਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਪੈਦਲ ਮਾਰਚ ਵਿੱਚ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜਨਰਲ ਸਕੱਤਰ ਕਿਰਪਾਲ ਸਿੰਘ ਬਦੇਸ਼ਾ, ਮੀਤ ਪ੍ਰਧਾਨ ਲਖਬੀਰ ਸਿੰਘ ਲਖਣਪੁਰ ਅਤੇ ਮਨਤੇਜ ਸਿੰਘ ਜਟਾਣਾ ਹਾਜ਼ਰ ਸਨ।
ਦੇਹਕਲਾਂ ਵਿੱਚ ਕਿਸਾਨ ਜਥੇਬੰਦੀ ਦੀ ਮੀਟਿੰਗ
ਖਰੜ (ਸ਼ਸ਼ੀ ਪਾਲ ਜੈਨ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਦੇ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਨੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ 7 ਅਗਸਤ ਨੂੰ ਪਿੰਡ ਜੋਧਾਂ ’ਚ ਕੀਤੀ ਜਾ ਰਹੀ ਰੈਲੀ ਲਈ ਲਾਮਬੰਦ ਕੀਤਾ। ਮੀਟਿੰਗ ਵਿਚ ਸਾਰੇ ਅਹੁਦੇਦਾਰ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ ਉਹ ਪਿੰਡਾਂ ਵਿਚ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ। ਉਨਾਂ ਕਿਹਾ ਕਿ ਸਰਕਾਰ 65 ਹਜ਼ਾਰ ਕਿਲਾ ਜ਼ਮੀਨ ਬਿਨਾਂ ਪੈਸਿਆਂ ਤੋਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾ ਰਹੀ ਹੈ ਇਸ ਲਈ ਕਿਸਾਨ ਕਿਸੇ ਵੀ ਹਾਲਤ ਵਿਚ ਜ਼ਮੀਨ ਨਹੀਂ ਦੇਣਗੇ, ਭਾਵੇਂ ਉਨ੍ਹਾਂ ਨੂੰ ਇਸ ਲਈ ਕੋਈ ਸੰਘਰਸ਼ ਕਰਨਾ ਪਵੇ।