ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਦਲਿਤ ਮੋਰਚਾ ਦੇ ਕੋਰ ਕਮੇਟੀ ਮੈਂਬਰ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਮਨਰੇਗਾ ਕਾਨੂੰਨ ਦੇ ਬੰਦ ਕੀਤੇ ਕੰਮਾਂ ਨੂੰ ਬਹਾਲ ਨਾ ਕੀਤਾ ਤਾਂ ਮਜ਼ਦੂਰ ਵਿਧਾਨ ਸਭਾ ਦਾ ਘਿਰਾਓ ਕਰਨਗੇ। ਉਹ ਅੱਜ ਦਲਿਤ ਆਗੂ ਲਖਵੀਰ ਸਿੰਘ ਰੁਪਾਲ ਹੇੜੀ ਦੀ ਪ੍ਰਧਾਨਗੀ ਹੇਠ ਸੰਯੁਕਤ ਦਲਿਤ ਮੋਰਚਾ ਵੱਲੋਂ ਕੀਤੀ ਸੂਬਾ ਪੱਧਰੀ ‘ਮਨਰੇਗਾ ਰੁਜ਼ਗਾਰ ਬਚਾਓ’ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪਾਸ ਮਤੇ ’ਚ ਖੰਨਾ ਪੁਲੀਸ ਵੱਲੋਂ ਦਲਿਤ ਆਗੂ ਗੁਰਦੀਪ ਸਿੰਘ ਕਾਲੀ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਤੁਰੰਤ ਰਿਹਾਈ ਮੰਗੀ ਗਈ। ਸ੍ਰੀ ਸਮਾਓਂ, ਡਾ. ਬੀ ਆਰ ਅੰਬੇਡਕਰ ਮਜ਼ਦੂਰ ਏਕਤਾ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਰੁਪਾਲ ਹੇੜੀ, ਬੱਗਾ ਸਿੰਘ ਫ਼ਿਰੋਜ਼ਪੁਰ ਅਤੇ ਸੁਖਵਿੰਦਰ ਕੌਰ ਫ਼ਤਹਿਗੜ੍ਹ ਸਾਹਿਬ ਨੇ ਕਿਹਾ ਕਿ ‘ਕੰਮੀਆਂ ਦੇ ਵਿਹੜੇ’ ਦੇ ਗੀਤ ਗਾਉਣ ਵਾਲਾ ਭਗਵੰਤ ਮਾਨ ਗ਼ਰੀਬਾਂ ਤੋਂ ਰੋਟੀ ਖੋਹ ਕੇ ਅਮੀਰਾਂ ਦਾ ਢਿੱਡ ਭਰ ਰਿਹਾ ਹੈ। ਉਨ੍ਹਾਂ ਕਿਹਾ ਭਾਜਪਾ ਅਤੇ ‘ਆਪ’ ਆਗੂ ਦਲਿਤਾਂ ਨੂੰ ਬੇਰੁਜ਼ਗਾਰੀ, ਕਰਜ਼ਿਆਂ, ਨਸ਼ਿਆਂ ’ਚ ਡੋਬਣਾ ਚਾਹੁੰਦੇ ਹਨ। ਇਸ ਦੌਰਾਨ ਐੱਸ ਸੀ/ਬੀ ਸੀ ਜਥੇਬੰਦੀਆਂ ਵੱਲੋਂ ‘ਮਨਰੇਗਾ ਰੁਜ਼ਗਾਰ ਬਚਾਓ’ ਲਈ ਸਾਂਝਾ ਸੰਘਰਸ਼ ਕਰਨ ਅਤੇ ਮਨਰੇਗਾ ਦੇ ਬੰਦ ਕੀਤੇ ਕੰਮਾਂ ਨੂੰ ਬਹਾਲ ਨਾ ਕਰਨ ’ਤੇ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਲੋਕ ਅਧਿਕਾਰ ਲਹਿਰ ਦੇ ਬਲਵਿੰਦਰ ਸਿੰਘ ਫ਼ਿਰੋਜ਼ਪੁਰ, ਮਨਜੀਤ ਸਿੰਘ ਘੁਮਾਣਾ, ਸਵਰਨ ਸਿੰਘ ਬਰਗਾੜੀ, ਹਰਚੰਦ ਸਿੰਘ ਜਖਵਾਲੀ, ਹਰਨੇਕ ਸਿੰਘ ਨਡਿਆਲੀ, ਜੈ ਸਿੰਘ ਬਾੜਾ, ਨਿੱਕਾ ਸਿੰਘ ਬਹਾਦਰ ਪੁਰ, ਸੁਖਵਿੰਦਰ ਸਿੰਘ ਬੋਹਾ, ਜੋਗਿੰਦਰ ਰਾਏ, ਗੁਰਜੰਟ ਸਿੰਘ ਨੌਲੱਖਾ, ਬਹਾਲ ਸਿੰਘ ਪੋਲਾ, ਹਰਚੰਦ ਸਿੰਘ ਜਲਵੇੜਾ, ਅਮਰਜੀਤ ਸਿੰਘ ਝੰਜੂੜੀ, ਮਨਦੀਪ ਕੌਰ, ਸੋਨੀ, ਮਨਜੀਤ ਕੌਰ ਅਤੇ ਸ਼ੀਲਾ ਦੇਵੀ ਆਦਿ ਨੇ ਵਿਚਾਰ ਪੇਸ਼ ਕੀਤੇ।

