ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਕਾਰ ਇਥੋਂ ਦੇ ਨਹਿਰੀ ਪੁਲ ’ਤੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾਅ ਗਈ। ਇਸ ਦੌਰਾਨ ਦੂਜੀ ਕਾਰ ਵਿੱਚ ਸਵਾਰ ਔਰਤ ਜ਼ਖ਼ਮੀ ਹੋ ਗਈ ਤੇ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ।
ਡਾਕਟਰਾਂ ਨੇ ਔਰਤ ਨੂੰ ਸਰਕਾਰੀ ਹਸਪਤਾਲ ਰੂਪਨਗਰ ਰੈਫਰ ਕਰ ਦਿੱਤਾ। ਇਸ ਬਾਰੇ ਵਿਧਾਇਕ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਹਾਦਸੇ ਵਾਲੀ ਥਾਂ ’ਤੇ ਮੌਜੂਦ ਲੋਕਾਂ ਅਨੁਸਾਰ ਵਿਧਾਇਕ ਡਾ. ਚਰਨਜੀਤ ਸਿੰਘ ਆਪਣੀ ਸਰਕਾਰੀ ਇਨੋਵਾ (ਪੀਬੀ 65 ਐੱਫ 0891) ਵਿੱਚ ਕਸਬਾ ਬੇਲਾ ’ਚ ਸਮਾਗਮ ਮਗਰੋਂ ਵਾਪਸ ਚਮਕੌਰ ਸਾਹਿਬ ਆ ਰਹੇ ਸਨ ਅਤੇ ਜਿਉਂ ਹੀ ਉਨ੍ਹਾਂ ਦੀ ਇਨੋਵਾ ਨੇ ਇੱਥੇ ਸਰਹਿੰਦ ਨਹਿਰ ਦੇ ਪੁਲ ਨੂੰ ਪਾਰ ਕੀਤਾ ਤਾਂ ਚਮਕੌਰ ਸਾਹਿਬ ਤੋਂ ਰੂਪਨਗਰ ਵੱਲ ਜਾ ਰਹੀ ਆਈ-20 ਕਾਰ ਸਿੱਧੀ ਟਕਰਾਅ ਗਈ। ਹਾਦਸੇ ਵਿੱਚ ਔਰਤ ਜਸਪਾਲ ਕੌਰ ਵਾਸੀ ਪਿੰਡ ਮਾਣੇਮਾਜਰਾ ਜ਼ਖ਼ਮੀ ਹੋ ਗਈ। ਔਰਤ ਦੀ ਕਾਰ ਦੇ ਚਾਲਕ ਦੇ ਵੀ ਗੁੱਝੀਆਂ ਸੱਟਾਂ ਲੱਗੀਆਂ ਹਨ।
ਉਸ ਨੇ ਦੋਸ਼ ਲਾਇਆ ਕਿ ਵਿਧਾਇਕ ਦੀ ਤੇਜ਼ ਰਫ਼ਤਾਰ ਗੱਡੀ ਨੇ ਨਹਿਰੀ ਪੁਲ ਪਾਰ ਕਰਨ ਉਪਰੰਤ ਚੌਰਸਤਾ ਪਾਰ ਕੀਤਾ ਅਤੇ ਉਨ੍ਹਾਂ ਦੀ ਕਾਰ ਵਿੱਚ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਮਾਹੌਲ ਤਣਾਅਪੂਰਨ ਹੁੰਦਾ ਦੇਖ ਵਿਧਾਇਕ ਮੌਕੇ ਤੋਂ ਕਿਸੇ ਦੂਜੀ ਗੱਡੀ ਵਿੱਚ ਆਪਣੀ ਅਗਲੀ ਮੰਜ਼ਿਲ ਵੱਲ ਚਲੇ ਗਏ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਔਰਤ ਦੀ ਹਾਲਤ ਸਥਿਰ ਹੈ ਅਤੇ ਉਹ ਰੂਪਨਗਰ ਸਿਟੀ ਸਕੈਨ ਆਦਿ ਹੀ ਕਰਵਾਉਣ ਗਏ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਹੈ।

