ਵਿਧਾਇਕ ਨੇ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ
ਕੁਲਵੰਤ ਵੱਲੋਂ ਹਲਕੇ ਦੀਆਂ 14 ਪ੍ਰਮੁੱਖ ਸਡ਼ਕਾਂ ਦੇ ਨਵੀਨੀਕਰਨ ਦਾ ਐਲਾਨ
ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਬੜੀ ਤੋਂ ਕੁਰੜੀ-ਕੁਰੜਾ ਨੂੰ ਹੋ ਕੇ ਤੰਗੌਰੀ ਅਤੇ ਚੱਪੜਚਿੜੀ ਕਲਾਂ ਤੋਂ ਚੱਪੜਚਿੜੀ ਖ਼ੁਰਦ ਨੂੰ ਹੋ ਕੇ ਲਾਂਡਰਾਂ-ਬਨੂੜ ਸੜਕ ਨਾਲ ਜੁੜਨ ਵਾਲੀਆਂ ਦੋ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਦੋਹਾਂ ਸੜਕਾਂ ਦੀ ਹਾਲਤ ਬੇਹੱਦ ਖਰਾਬ ਸੀ ਅਤੇ ਲੋਕੀਂ ਲੰਮੇ ਸਮੇਂ ਤੋਂ ਸੜਕਾਂ ਨੂੰ ਨਵਿਆਏ ਜਾਣ ਦੀ ਮੰਗ ਕਰ ਰਹੇ ਸਨ। ਵਿਧਾਇਕ ਕੁਲਵੰਤ ਸਿੰਘ ਨੇ ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੀ 14 ਪ੍ਰਮੁੱਖ ਸੜਕਾਂ ਉੱਤੇ ਦਸ ਕਰੋੜ ਦੀ ਲਾਗਤ ਖਰਚ ਕੇ ਉਨ੍ਹਾਂ ਨੂੰ ਨਵਿਆਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੜੀ ਤੋਂ ਤੰਗੌਰੀ ਸੜਕ ਦੀ ਲੰਬਾਈ 5.57 ਕਿਲੋਮੀਟਰ ਹੈ ਅਤੇ ਇਸ ਦੀ ਚੌੜਾਈ 18 ਫੁੱਟ ਹੈ। ਇਸ ਹਿੱਸੇ ਦੀ ਆਖਰੀ ਵਾਰ ਮੁਰੰਮਤ ਅਕਤੂਬਰ 2016 ਵਿੱਚ ਕੀਤੀ ਗਈ ਸੀ। ਹੁਣ, ਸੜਕ 2.06 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਜਿਸਦੇ ਪੰਜ ਸਾਲਾਂ ਦੇ ਰੱਖ-ਰਖਾਅ ਲਈ 27 ਲੱਖ ਰੁਪਏ ਦੀ ਵਾਧੂ ਵਿਵਸਥਾ ਹੈ। ਇਸ ਵਿੱਚੋਂ, 1 ਕਿਲੋਮੀਟਰ 80 ਐਮ ਐਮ ਪੇਵਰ ਬਲਾਕ ਨਾਲ ਬਣਾਇਆ ਜਾਵੇਗਾ, ਜਦੋਂ ਕਿ ਬਾਕੀ ਹਿੱਸੇ ਨੂੰ ਲੁੱਕ ਨਾਲ ਬਣਾਇਆ ਜਾਵੇਗਾ। ਇਹ ਪ੍ਰੋਜੈਕਟ ਛੇ ਮਹੀਨਿਆਂ ਦੇ ਅੰਦਰ ਪੂਰਾ ਹੋ ਜਾਵੇਗਾ।
ਦੂਜਾ ਪ੍ਰੋਜੈਕਟ ਚੱਪੜਚਿੜੀ ਕਲਾਂ ਤੋਂ ਚੱਪੜਚਿੜੀ ਖੁਰਦ ਰੋਡ ਹੈ, ਜਿਸ ਦੀ ਲੰਬਾਈ 2.05 ਕਿਲੋਮੀਟਰ ਹੈ। ਪਹਿਲਾਂ 18 ਫੁੱਟ ਚੌੜੀ ਸੜਕ ਨੂੰ ਹੁਣ 22 ਫੁੱਟ ਚੌੜਾ ਕਰਕੇ ਬਣਾਇਆ ਜਾਵੇਗਾ। ਆਖਰੀ ਵਾਰ ਮਾਰਚ 2018 ਵਿੱਚ ਇਸ ਦੀ ਮੁਰੰਮਤ ਕੀਤੀ ਗਈ ਸੀ, ਇਸ ਨੂੰ ਹੁਣ 3.70 ਕਰੋੜ ਰੁਪਏ ਦੀ ਲਾਗਤ ਨਾਲ ਦੁਬਾਰਾ ਬਣਾਇਆ ਜਾ ਰਿਹਾ ਹੈ। ਇਸ ਦਾ ਕੰਮ ਚਾਰ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ ਬੜੀ, ਬਹਾਦਰ ਸਿੰਘ ਨੰਬਰਦਾਰ ਬੜੀ, ਹਰਮੀਤ ਕੌਰ ਸਰਪੰਚ, ਮੁਖਤਿਆਰ ਸਿੰਘ ਸਰਪੰਚ ਕੁਰੜਾ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਸਰਪੰਚ ਆਦਿ ਮੌਜੂਦ ਸਨ।