ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਘੱਗਰ ਨੇੜਲੇ ਬਨੂੜ ਖੇਤਰ ਦੇ ਪਿੰਡਾਂ ਦਾ ਦੌਰਾ
ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵਧ ਗਿਆ ਹੈ। ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੀ ਰਿਪੋਰਟ ਅਨੁਸਾਰ ਘੱਗਰ ਵਿੱਚ ਇਸ ਸਮੇਂ ਸਾਢੇ 12 ਫੁੱਟ ਦੀ ਉਚਾਈ ਤੇ ਪਾਣੀ ਵਹਿ ਰਿਹਾ ਹੈ, ਜੋ ਕਿ 91555 ਕਿਊਸਕ ਬਣਦਾ ਹੈ। ਘੱਗਰ ਦਾ ਇਹ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਾਢੇ ਚਾਰ ਫੁੱਟ ਵੱਧ ਤੇ ਵਹਿ ਰਹਿ ਰਿਹਾ ਹੈ।
ਘੱਗਰ ਦੇ ਵਧ ਰਹੇ ਪਾਣੀ ਕਾਰਨ ਲੋਕਾਂ ਵਿੱਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ। ਡੇਰਾ ਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁਹਾਲੀ ਦੀ ਐੱਸਡੀਐੱਮ ਦਮਨਦੀਪ ਕੌਰ ਅਤੇ ਡਰੇਨੇਜ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਅੱਜ ਬਾਅਦ ਦੁਪਹਿਰ ਬਨੂੜ ਨੇੜਲੇ ਪਿੰਡ ਮਨੌਲੀ ਸੂਰਤ ਅਤੇ ਹੰਸਾਲਾ ਦਾ ਦੌਰਾ ਕੀਤਾ। ਉਨ੍ਹਾਂ ਘੱਗਰ ਦਰਿਆ ਦੇ ਕੰਢੇ ਤੇ ਵਸੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਲਗਾਤਾਰ ਸੁਚੇਤ ਰਹਿਣ ਲਈ ਆਖਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹਨਾਂ ਪਿੰਡਾਂ ਦੇ ਬੰਨਾਂ ਦੀ ਰਖਵਾਲੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਮੁੱਚੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਲੋਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ।
ਕੈਪਸ਼ਨ:ਘੱਗਰ ਦਰਿਆ ਉਤੇ ਪੈਂਦੇ ਪਿੰਡ ਮਨੌਲੀ ਸੂਰਤ ਵਿਖੇ ਘੱਗਰ ਦੇ ਪਾਣੀ ਦਾ ਜਾਇਜ਼ਾ ਲੈਂਦੇ ਹੋਏ ਡੇਰਾਬਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ।