ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 31 ਮਈ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨਾਂ ਨੂੰ ਇਸ ਨਰਕ ’ਚੋਂ ਬਾਹਰ ਕੱਢਣ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡਾਂ ਦੀਆਂ ਗਲੀਆਂ-ਮੁਹੱਲਿਆਂ ਵਿੱਚ ਜਾਗਰੂਕਤਾ ਦਾ ਹੋਕਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੋਹਾਣਾ, ਪਿੰਡ ਝਾਮਪੁਰ, ਤੜੌਲੀ, ਮਨਾਣਾ, ਠਸਕਾ, ਬਲੌਂਗੀ, ਬਲੌਂਗੀ ਕਲੋਨੀਆਂ, ਬੜਮਾਜਰਾ, ਜੁਝਾਰ-ਨਗਰ, ਰਾਏਪੁਰ ਕਲਾਂ ਤੇ ਰਾਏਪੁਰ ਖ਼ੁਰਦ, ਨਾਨੂੰਮਾਜਰਾ, ਸੰਭਾਲਕੀ, ਸੁੱਖਗੜ੍ਹ, ਬੈਂਰੋਪੁਰ-ਭਾਗੋਮਾਜਰਾ, ਲਖਨੌਰ, ਮੌਜੂਪੁਰ, ਭਰਤਗੜ੍ਹ, ਲਾਂਡਰਾਂ, ਨਿਊ ਲਾਂਡਰਾਂ, ਚੱਪੜਚਿੜੀ, ਕੈਲੋਂ, ਬਲਿਆਲੀ, ਦਾਊਂ, ਰਾਮਗੜ੍ਹ, ਬਹਿਲੋਲਪੁਰ, ਸ਼ਾਮਪੁਰ, ਮੋਟੇਮਾਜਰਾ, ਗੋਬਿੰਦਗੜ੍ਹ, ਗਿੱਦੜਪੁਰ, ਸੈਦਪੁਰ ਸਮੇਤ ਹੋਰਨਾਂ ਪਿੰਡਾਂ ਦੀਆਂ ਸੱਥਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਅਤੇ ਸ਼ਹਿਰੀ ਖੇਤਰ ਨੂੰ ਵੀ ਜਲਦੀ ਕਵਰ ਕੀਤਾ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਮੁਹਾਲੀ ਹਲਕੇ ਨੂੰ ਨਸ਼ਾ ਮੁਕਤ ਬਣਾ ਕੇ ਹੀ ਸਾਹ ਲੈਣਗੇ। ਇਸ ਸਬੰਧੀ ਜਿੰਨੇ ਵੀ ਸਖ਼ਤ ਕਦਮ ਚੁੱਕਣੇ ਪਏ ਜਾਂ ਪੈਣਗੇ, ‘ਆਪ’ ਸਰਕਾਰ ਪਿੱਛੇ ਨਹੀਂ ਹਟੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਸ ਜੰਗ ਵਿੱਚ ਹਰੇਕ ਨਾਗਰਿਕ ਨੂੰ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਜੰਗ ਜਿੱਤੀ ਨਹੀਂ ਜਾ ਸਕਦੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾ ਸਿਰਫ਼ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਸਗੋਂ ਨਸ਼ਾ ਪੀੜਤ ਵਿਅਕਤੀਆਂ ਦਾ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਮੁਫ਼ਤ ਇਲਾਜ ਵੀ ਕੀਤਾ ਜਾ ਰਿਹਾ ਹੈ।