ਮਿਸ਼ਨ ਵਿੱਦਿਆ ਫ਼ਾਊਂਡੇਸ਼ਨ ਬਨੂੜ ਅਤੇ ਬਨੂੜ ਪ੍ਰੈੱਸ ਕਲੱਬ ਵੱਲੋਂ ਬਨੂੜ ਵਿੱਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਇਕੱਤਰ ਕਰਨ ਲਈ ਸੱਤ ਦਿਨਾਂ ਕੈਂਪ ਲਗਾਇਆ ਗਿਆ। ਕੈਂਪ ਵਿੱਚ ਸਾਢੇ 13 ਲੱਖ ਦੀ ਨਕਦ ਰਾਸ਼ੀ ਤੋਂ ਇਲਾਵਾ ਇੱਕ ਲੱਖ ਤੋਂ ਵੱਧ ਮੁੱਲ ਦੀਆਂ ਦਵਾਈਆਂ ਅਤੇ ਹੋਰ ਵਸਤਾਂ ਇਕੱਤਰ ਹੋਈਆਂ। ਦੋਵੇਂ ਸੰਸਥਾਵਾਂ ਦੇ ਕਾਰਕੁਨਾਂ ਹਰਜੀਤ ਸਿੰਘ ਸੰਧੂ ਕੈਨੇਡਾ, ਅਵਤਾਰ ਸਿੰਘ, ਭੁਪਿੰਦਰ ਸਿੰਘ, ਪ੍ਰੀਤਇੰਦਰ ਸਿੰਘ, ਗੁਰਪਾਲ ਸਿੰਘ, ਅਸ਼ਿਵੰਦਰ ਸਿੰਘ, ਹਰਜਿੰਦਰ ਸਿੰਘ, ਰਛਪਾਲ ਸਿੰਘ, ਗੁਰਪ੍ਰੀਤ ਸਿੰਘ ਡਿੰਪਲ, ਗੁਰਮੀਤ ਸਿੰਘ, ਮਨਿੰਦਰ ਸਿੰਘ, ਹਰਦੀਪ ਸਿੰਘ ਬਠਲਾਣਾ, ਨਰਿੰਦਰ ਮਨੌਲੀ, ਚੰਦਨ ਸ਼ਰਮਾ, ਜ਼ੋਰਾ ਸਿੰਘ ਆਦਿ ਨੇ ਦੱਸਿਆ ਕਿ ਕੈਂਪ ਬੰਨੋ ਮਾਈ ਮੰਦਿਰ ਦੇ ਸਾਹਮਣੇ ਕੌਮੀ ਮਾਰਗ ਦੇ ਓਵਰ ਬਰਿੱਜ ਥੱਲੇ ਇਹ ਕੈਂਪ ਲਗਾਇਆ ਗਿਆ।
ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸੇਵਾਮੁਕਤ ਲੈਕਚਰਾਰ ਭਾਗ ਸਿੰਘ ਢੋਲ ਅਤੇ ਉਨ੍ਹਾਂ ਦੀ ਪਤਨੀ ਲਾਭ ਕੌਰ ਵੱਲੋਂ ਇੱਕ ਲੱਖ, ਡਾ. ਵੀ ਕੇ ਭੱਲਾ ਅਤੇ ਉਨ੍ਹਾਂ ਦੀ ਪੁੱਤਰੀ ਐਸ਼ਵਰਿਆ ਭੱਲਾ ਵੱਲੋਂ ਇੱਕ ਲੱਖ, ਦੋ ਹਜ਼ਾਰ, ਕੈਪਟਨ ਜਗਜੀਤ ਸਿੰਘ ਜੰਗਪੁਰਾ ਦੇ ਪਰਿਵਾਰ ਵੱਲੋਂ ਸਵਾ ਲੱਖ, ਸਮਾਜ ਸੇਵੀ ਆਗੂ ਦਰਸ਼ਨ ਸੰਘ ਕਰਾਲਾ ਅਤੇ ਟੀਮ ਵੱਲੋਂ ਇੱਕ ਲੱਖ, ਬੇਬੀ ਕਾਨਵੈਂਟ ਸਕੂਲ ਵੱਲੋਂ ਪੰਜਾਹ ਹਜ਼ਾਰ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ 50 ਹਜ਼ਾਰ ਸਮਾਜ ਸੇਵੀ ਆਗੂ ਅਤੇ ਐੱਸਐੱਮ ਐੱਸ ਸੰਧੂ ਵੱਲੋਂ 31 ਹਜ਼ਾਰ ਦਾ ਯੋਗਦਾਨ ਪਾਇਆ ਗਿਆ। ਲਾਇਨ ਕਲੱਬ ਬਨੂੜ ਰੌਇਲ ਵੱਲੋਂ ਦਵਾਈਆਂ ਮੁਹੱਈਆ ਕਰਾਈਆਂ ਗਈਆਂ। ਇਸੇ ਤਰ੍ਹਾਂ ਵੱਖ-ਵੱਖ ਕਲੱਬਾਂ, ਕਿਸਾਨ ਆਗੂਆਂ ਅਤੇ ਸ਼ਹਿਰ ਦੇ ਪਤਵੰਤਿਆਂ ਵੱਲੋਂ ਵੀ ਕੈਂਪ ਵਿਚ ਯੋਗਦਾਨ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਕੱਤਰ ਕੀਤੀਆਂ ਰਸਦਾਂ ਤੇ ਵਸਤਾਂ ਜਲਦੀ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਖ਼ੁਦ ਵੰਡੀਆਂ ਜਾਣਗੀਆਂ।