ਮੰਤਰੀ ਬੈਂਸ ਵੱਲੋਂ ਅਧਿਆਪਕਾਂ ਨਾਲ ਸੰਵਾਦ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਅਤੇ ਗੁਣਾਤਮਕ ਸਿੱਖਿਆ ਨੂੰ ਯਕੀਨੀ ਬਣਾਉਣ ਲਈ ‘ਅਧਿਆਪਕਾਂ ਨਾਲ ਸੰਵਾਦ’ ਪ੍ਰੋਗਰਾਮ ਤਹਿਤ ਜ਼ਿਲ੍ਹਾ ਰੂਪਨਗਰ ਵਿੱਚ ਨਿਵੇਕਲੀ ਪਹਿਲ ਕਦਮੀ ਕੀਤੀ ਹੈ। ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖ਼ਾਲਸਾ ਦੇ ਆਡੀਟੋਰੀਅਮ ਵਿੱਚ ਅੱਜ ਸਿੱਖਿਆ ਮੰਤਰੀ ਨੇ ਕੌਮੀ ਤੇ ਸੂਬਾ ਐਵਾਰਡੀ, ਸਿੰਘਾਪੁਰ, ਫਿਨਲੈਂਡ, ਅਹਿਮਦਾਬਾਦ ਤੋਂ ਸਿਖਲਾਈ ਹਾਸਲ ਅਧਿਆਪਕਾਂ, ਸਕੂਲ ਮੁਖੀਆਂ ਨਾਲ ਵਿਸ਼ੇਸ਼ ਸੰਵਾਦ ਕੀਤਾ। ਮੰਤਰੀ ਨੇ ਘੰਟਿਆਂਬੱਧੀ ਉਨ੍ਹਾਂ ਦੇ ਸੁਝਾਅ ਸੁਣੇ। ਉਨ੍ਹਾਂ ਦੇ ਨਾਲ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੀ ਮੌਜੂਦ ਸਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਨੂੰ ਕੌਮੀ ਸਰਵੇਖਣ ਵਿੱਚ ਪੰਜਾਬ ਨੂੰ ਮਿਲੇ ਪਹਿਲੇ ਦਰਜੇ ਲਈ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਿਵੇਕਲੀ ਪਹਿਲ ਦਾ ਉਦੇਸ਼ ਨੈਸ਼ਨਲ ਸਟੇਟ ਐਵਾਰਡੀ ਅਧਿਆਪਕਾਂ, ਸਿੰਘਾਪੁਰ, ਫਿਨਲੈਂਡ, ਅਹਿਮਦਾਬਾਦ ਸਿਖਲਾਈ ਹਾਸਲ ਅਧਿਆਪਕਾਂ, ਪ੍ਰਿੰਸੀਪਲਾਂ, ਹੈੱਡਮਾਸਟਰਾਂ, ਬੀਪੀਈਓਜ਼, ਸੈਂਟਰ ਹੈੱਡ ਟੀਚਰਾਂ, ਵੱਖ-ਵੱਖ ਪ੍ਰੋਗਰਾਮਾਂ ਦੇ ਨੋਡਲ ਅਫ਼ਸਰਾਂ ਅਤੇ ਸਕੂਲ ਕੈਂਪਸ ਪ੍ਰਬੰਧਕਾਂ ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਸੁਧਾਰ ਜਾਂ ਬਦਲਾਅ ਲਈ, ਚੱਲ ਰਹੇ ਸੁਧਾਰਾਂ ਅਤੇ ਪ੍ਰੋਗਰਾਮਾਂ ਬਾਰੇ ਫੀਡਬੈਕ ਪ੍ਰਾਪਤ ਕਰਨਾ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਉਨ੍ਹਾਂ ਦਾ ਪਰਿਵਾਰ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸਾਡੇ ਅਧਿਆਪਕ ਸਿੰਘਾਪੁਰ, ਫਿਨਲੈਂਡ ਅਤੇ ਅਹਿਮਦਾਬਾਦ ਵਿੱਚ ਸਿਖਲਾਈ ਪ੍ਰਾਪਤ ਕਰ ਕੇ ਸਿੱਖਿਆ ਢਾਂਚੇ ਨੂੰ ਹੋਰ ਆਧੁਨਿਕ ਬਣਾ ਰਹੇ ਹਨ।